ਕੋਲਕਾਤਾ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪੱਛਮੀ ਬੰਗਾਲ ’ਚ ਘੁਸਪੈਠ ਇੰਨੀ ਵਧ ਗਈ ਹੈ ਕਿ ਸੂਬੇ ਦੀ ਹੋਂਦ ਹੀ ਖ਼ਤਰੇ ’ਚ ਪੈ ਗਈ ਹੈ। ਸ਼ਾਹ ਨੇ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਸੂਬੇ ਨੂੰ ਅਰਾਜਕਤਾ ਦੀ ਸਥਿਤੀ ’ਚ ਪਹੁੰਚਾ ਦਿੱਤਾ ਹੈ, ਜਿੱਥੇ ਗੋਲੀਬਾਰੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਲੱਗਭਗ ਰੋਜ਼ਾਨਾ ਹੁੰਦੀਆਂ ਹਨ। ਅਮਿਤ ਸ਼ਾਹ ਨੇ ਕਿਹਾ, “ਬੰਗਾਲ ’ਚ ਹਰ ਜਗ੍ਹਾ ਤੂਫ਼ਾਨ ਚੱਲ ਰਿਹਾ ਹੈ। ਇਹ ਤੂਫ਼ਾਨ ਤਬਦੀਲੀ ਲਿਆਉਣ ਅਤੇ ਮਮਤਾ ਬੈਨਰਜੀ ਨੂੰ ਅਲਵਿਦਾ ਕਹਿਣ ਲਈ ਹੈ।”
ਉਨ੍ਹਾਂ ਨੇ ਕਿਹਾ, “ਹਰ ਪਾਸੇ ਭ੍ਰਿਸ਼ਟਾਚਾਰ ਹੈ। ਹਰ ਪਾਸੇ ਸਿੰਡੀਕੇਟ ਰਾਜ ਹੈ। ਹੁਣ ਸਮਾਂ ਆ ਗਿਆ ਹੈ ਕਿ ਕਵੀ ਗੁਰੂ ਰਬਿੰਦਰਨਾਥ ਟੈਗੋਰ, ਬੰਕਿਮ ਚੰਦਰ ਚੱਟੋਪਾਧਿਆਏ ਅਤੇ ਹੋਰਨਾਂ ਲੋਕਾਂ ਦੇ ਸੁਪਨਿਆਂ ਦੇ ‘ਸੋਨਾਰ ਬਾਂਗਲਾ’ ਦੀ ਸਥਾਪਨਾ ਕੀਤੀ ਜਾਵੇ।” ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦੇ ਉਮੀਦਵਾਰਾਂ ਦੇ ਪੱਖ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਪੱਛਮੀ ਬੰਗਾਲ ਨੂੰ ਬਦਲਾਅ ਦੀ ਲੋੜ ਹੈ। (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਦੀ ਅਗਵਾਈ ’ਚ ਇੱਥੇ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ। ਬੰਗਾਲ ਦੀਆਂ ਹੱਦਾਂ ਸੀਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਘੁਸਪੈਠੀਆਂ ਨੂੰ ਚੁਣ-ਚੁਣ ਕੇ ਸੂਬੇ ਅਤੇ ਦੇਸ਼ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।” ਸ਼ਾਹ ਨੇ ਭਵਾਨੀਪੁਰ ਤੋਂ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਰਹਿਣ ਤੋਂ ਪਹਿਲਾਂ ਇਸ ਰੈਲੀ ਨੂੰ ਸੰਬੋਧਨ ਕੀਤਾ।
ਚੋਣ ਪ੍ਰਚਾਰ ਦੌਰਾਨ 15 ਦਿਨ ਪੱਛਮੀ ਬੰਗਾਲ ’ਚ ਰਹਿਣਗੇ ਸ਼ਾਹ
ਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ ਉਹ ਚੋਣ ਪ੍ਰਚਾਰ ਦੌਰਾਨ 15 ਦਿਨ ਪੱਛਮੀ ਬੰਗਾਲ ’ਚ ਰਹਿਣਗੇ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸੂਬੇ ਨੂੰ ਕਿੰਨੀ ਅਹਿਮੀਅਤ ਦੇ ਰਹੀ ਹੈ। ਉਨ੍ਹਾਂ ਨੇ ਭਾਜਪਾ ਦੇ ਆਗੂ ਸ਼ੁਭੇਂਦੂ ਅਧਿਕਾਰੀ ਦੇ ਭਵਾਨੀਪੁਰ ਤੋਂ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਨੂੰ ਵੀਰਵਾਰ ਨੂੰ ਇਕ ‘ਹਾਈ-ਵੋਲਟੇਜ’ ਸਿਆਸੀ ਸ਼ਕਤੀ ਪ੍ਰਦਰਸ਼ਨ ’ਚ ਬਦਲ ਦਿੱਤਾ ਅਤੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ’ਚ ਬਦਲਾਅ ਦਾ ‘ਸ਼ਾਰਟਕੱਟ’ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਆਪਣੀ ਸੀਟ ’ਤੇ ਹਰਾਉਣਾ ਹੈ।















