ਸਿਆਸਤ ‘ਚ ਵੱਡੀ ਹਲਚਲ! ਸ਼ਾਹਕੋਟ ਹਲਕੇ ‘ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ

ਲੋਹੀਆਂ ਖਾਸ -ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼ਾਹਕੋਟ ਵਿਖੇ ‘ਪੰਜਾਬ ਬਚਾਓ ਰੈਲੀ’ ਕੀਤੀ ਗਈ ਸੀ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵੱਲੋਂ ਇਸ ਰੈਲੀ ਦੀ ਵਾਗਡੋਰ ਆਪਣੇ ਹੱਥਾਂ ’ਚ ਸੰਭਾਲੀ ਗਈ ਸੀ। ਇਸ ਰੈਲੀ ’ਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਇਕ ਵਾਰ ਫਿਰ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਆਪਣਾ ਉਮੀਦਵਾਰ ਐਲਾਨ ਦੇਣਗੇ।
ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਕਿ ਇਸ ਹਲਕੇ ਤੋਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਦਾਦਾ ਸਾਬਕਾ ਮੰਤਰੀ ਸਵਰਗੀ ਅਜੀਤ ਸਿੰਘ ਕੋਹਾੜ ਦੀ ਉਨ੍ਹਾਂ ਦੀਆਂ ਅਕਾਲੀ ਦਲ ਲਈ ਸੇਵਾਵਾਂ ਲਈ ਉਨ੍ਹਾਂ ਯਾਦ ਕਰਦਿਆਂ ਸ਼ਲਾਘਾ ਕੀਤੀ ਪਰ ਉਨ੍ਹਾਂ ਨੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਵੀ ਉਮੀਦਵਾਰ ਬਣਾਉਣ ਦਾ ਐਲਾਨ ਨਹੀਂ ਕੀਤਾ, ਜਿਸ ਕਾਰਨ ਇਸ ਹਲਕੇ ਦੇ ਲੋਕਾਂ ’ਚ ਇਹ ਬਹਿਸ ਛਿੜ ਗਈ ਕਿ ਕੀ ਇਸ ਵਾਰ ਸੁਖਬੀਰ ਬਾਦਲ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਦਲਣ ਜਾ ਰਹੇ ਹਨ ਜਾਂ ਐਡਵੋਕੇਟ ਕੋਹਾੜ ਨੂੰ ਹੀ ਆਪਣਾ ਉਮੀਦਵਾਰ ਬਣਾਈ ਰੱਖਣਗੇ।
ਇਸ ਰੈਲੀ ਨੂੰ ਨੇੜਿਓਂ ਵੇਖਣ ਵਾਲੇ ਲੋਕ ਭਾਵੇਂ ਕਿ ਰੌਲਾ ਪਾ ਰਹੇ ਹਨ ਕਿ ਇਸ ਰੈਲੀ ਦੌਰਾਨ ਵੱਡਾ ਇਕੱਠ ਨਾ ਹੋਣ ਕਾਰਨ ਸੁਖਬੀਰ ਬਾਦਲ ਨਿਰਾਸ਼ ਵਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਨੇ ਐਡਵੋਕੇਟ ਬਚਿੱਤਰ ਕੋਹਾੜ ਨੂੰ ਉਮੀਦਵਾਰ ਨਹੀਂ ਐਲਾਨਿਆ ਜਦਕਿ ਅਕਾਲੀ ਦਲ ਦੇ ਅਤਿ ਨੇੜਲੇ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਇਸ ਵਾਰ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਵੱਲੋਂ ਐਡਵੋਕੇਟ ਕੋਹਾੜ ਹੀ ਉਮੀਦਵਾਰ ਹੋਣਗੇ ਕਿਉਂਕਿ ਅਜੇ ਤੱਕ ਅਜਿਹਾ ਕੋਈ ਵੀ ਅਕਾਲੀ ਆਗੂ ਸਾਹਮਣੇ ਨਹੀਂ ਆਇਆ, ਜੋ ਇਸ ਸੀਟ ’ਤੇ ਦਾਅਵੇਦਾਰੀ ਕਰਦਾ ਹੋਵੇ। ਜਦਕਿ ਸੂਤਰਾਂ ਮੁਤਾਬਕ ਸੁਖਬੀਰ ਬਾਦਲ ਐਡਵੋਕੇਟ ਬਚਿੱਤਰ ਕੋਹਾੜ ਨੂੰ ਥਾਪੜਾ ਦੇ ਕੇ ਗਏ ਹਨ ਅਤੇ ਉਨ੍ਹਾਂ ਵੇ ਐਡਵੋਕੇਟ ਕੋਹਾੜ ਨੂੰ ਮਜ਼ਬੂਤ ਹੋ ਕੇ ਚੋਣ ਲੜਨ ਦਾ ਸੱਦਾ ਵੀ ਦਿੱਤਾ ਹੈ ।