ਜਲੰਧਰ : ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਹੈ। ਇਕ ਪਾਸੇ ਜਿੱਥੇ ਲੋਕ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ, ਉਥੇ ਹੀ ਬੀਤੇ ਦਿਨ ਤੋਂ ਠੰਡ ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ ‘ਤੇ ਠੰਡੀਆਂ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਠੰਡਾ ਹੋ ਗਿਆ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਅੱਜ ਤੜਕੇ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ। ਅੱਜ ਸਵੇਰੇ ਤੇਜ਼ ਹਵਾਵਾਂ ਦੇ ਨਾਲ-ਨਾਲ ਪਹਿਲਾਂ ਕਿਣਮਿਣ ਹੋਣੀ ਸ਼ੁਰੂ ਹੋਈ ਪਰ ਬਾਅਦ ਵਿਚ ਮੀਂਹ ਦੇ ਨਾਲ-ਨਾਲ ਹੋਈ ਗੜ੍ਹੇਮਾਰੀ ਨੇ ਮੁੜ ਤੋਂ ਕੰਬਣੀ ਛੇੜ ਦਿੱਤੀ ਹੈ।
ਦਿਨ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਜਲੰਧਰ ਵਿਚ ਮੀਂਹ ਪਿਆ ਅਤੇ ਕਈ ਇਲਾਕਿਆਂ ’ਚ ਗੜੇਮਾਰੀ ਹੋਈ, ਜਿਸ ਨਾਲ ਤਾਪਮਾਨ ‘ਚ ਵੱਡੀ ਗਿਰਾਵਟ ਆਈ ਹੈ। ਮੀਂਹ ਨੇ ਭਾਵੇਂ ਗਰਮੀ ਤੋਂ ਕੁਝ ਰਾਹਤ ਦਿਵਾ ਦਿੱਤੀ ਹੈ ਪਰ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਇਸ ਸਮੇਂ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਦੇ ਆਖ਼ਰੀ ਪੜਾਅ ’ਤੇ ਹੈ। ਅਜਿਹੇ ਸਮੇਂ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਰ ਕੇ ਫ਼ਸਲ ਡਿੱਗਣ ਦਾ ਖਦਸ਼ਾ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਦੱਸ ਦੇਈਏ ਕਿ ਬੀਤੇ ਦਿਨ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਅਸਮਾਨ ਬੱਦਲਾਂ ਨਾਲ ਘਿਰਿਆ ਹੋਇਆ ਹੈ। ਕਈ ਥਾਵਾਂ ‘ਤੇ ਮੌਸਮ ਬਦਲਣ ਕਾਰਨ ਤਾਪਮਾਨ ਵਿੱਚ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਇਕ ਵਾਰ ਫਿਰ ਠੰਡ ਦਾ ਅਹਿਸਾਸ ਹੋਇਆ। ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਨਾਲ ਮੀਂਹ ਵੀ ਪਿਆ।















