ਮੁੰਬਈ – ਮਹਾਰਾਸ਼ਟਰ ਤੋਂ ਰਾਜ ਸਭਾ ਦੀਆਂ 7 ਸੀਟਾਂ ਲਈ ਚੋਣ ਨੋਟੀਫਿਕੇਸ਼ਨ ਬੁੱਧਵਾਰ ਜਾਰੀ ਕੀਤਾ ਗਿਆ। ਵੋਟਿੰਗ 16 ਮਾਰਚ ਨੂੰ ਹੋਵੇਗੀ। ਚੋਣ ਅਧਿਕਾਰੀ ਵਿਲਾਸ ਅਠਾਵਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 5 ਮਾਰਚ ਹੈ। ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਇਸ ਚੋਣ ’ਚ ਵੋਟ ਪਾਉਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਸਮੇਤ ਸੂਬੇ ਤੋਂ ਰਾਜ ਸਭਾ ਦੇ 7 ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ’ਚ ਖਤਮ ਹੋ ਰਿਹਾ ਹੈ। ਸ਼ਰਦ ਪਵਾਰ ਨੇ ਅਜੇ ਸਪੱਸ਼ਟ ਨਹੀਂ ਕੀਤਾ ਕਿ ਉਹ ਦੁਬਾਰਾ ਚੋਣ ਲੜਨਗੇ ਜਾਂ ਨਹੀਂ।
ਇਸ ਸਬੰਧ ਵਿਚ ਅਠਾਵਲੇ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 6 ਮਾਰਚ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 9 ਮਾਰਚ ਹੈ। ਇਸ ਦੌਰਾਨ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਵੋਟਿੰਗ 16 ਮਾਰਚ ਨੂੰ ਵਿਧਾਨ ਭਵਨ ’ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।















