ਕਸ਼ਮੀਰੀ ਗੇਟ ‘ਤੇ ਗੈਂਗਸਟਰ ਦੇ ਵਕੀਲ ਦੀ ਕਾਰ ‘ਤੇ ਗੋਲੀਬਾਰੀ, ਦਿੱਲੀ ਪੁਲਸ ਵਲੋਂ FIR ਦਰਜ

ਨਵੀਂ ਦਿੱਲੀ : ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਇਕ ਵਕੀਨ ਦੀ ਕਾਰ ‘ਤੇ ਬੀਤੀ ਰਾਤ ਰਾਸ਼ਟਰੀ ਰਾਜਧਾਨੀ ਦੇ ਕਸ਼ਮੀਰੀ ਗੇਟ ‘ਤੇ ਸਥਿਤ ਇੰਟਰ-ਸਟੇਟ ਬੱਸ ਟਰਮੀਨਸ ਨੇੜੇ ਫਾਇਰਿੰਗ ਹੋਈ। ਇਸ ਮਾਮਲੇ ਦੇ ਸਬੰਧ ਵਿਚ ਦਿੱਲੀ ਪੁਲਸ ਨੇ ਐੱਫ.ਆਈ.ਆਰ ਦਰਜ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੀਪਕ ਖੱਤਰੀ ਦੀ ਸ਼ਿਕਾਇਤ ‘ਤੇ ਕਸ਼ਮੀਰੀ ਗੇਟ ਪੁਲਸ ਸਟੇਸ਼ਨ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 109 (1) (ਕਤਲ ਦੀ ਕੋਸ਼ਿਸ਼), 3 (5)(ਅਪਰਾਧਿਕ ਸਾਜ਼ਿਸ਼), ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਸ ਸੂਤਰਾਂ ਦੇ ਅਨੁਸਾਰ ਖੱਤਰੀ ਨੂੰ ਪਹਿਲਾਂ ਵੀ ਹਿੰਸਾ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ। ਮੰਗਲਵਾਰ ਰਾਤ ਨੂੰ ਲਗਭਗ 10:10 ਵਜੇ ਮਰਘਾਟ ਵਾਲੇ ਹਨੂੰਮਾਨ ਮੰਦਿਰ ਨੇੜੇ ਪੰਜ ਲੋਕਾਂ ਨੂੰ ਲੈ ਜਾ ਰਹੀ ਇੱਕ ਕਾਰ ‘ਤੇ ਗੋਲੀਬਾਰੀ ਕੀਤੀ ਗਈ। ਇੱਥੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਦੇ ਮੋਢੇ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਉੱਤਰੀ) ਰਾਜਾ ਬੰਠੀਆ ਦੇ ਅਨੁਸਾਰ ਕਾਰ ਵਿੱਚ ਸਵਾਰਾਂ ਨੇ ਹਮਲਾਵਰਾਂ ਦੀ ਗਿਣਤੀ ਬਾਰੇ ਵੱਖੋ-ਵੱਖਰੇ ਬਿਆਨ ਦਿੱਤੇ ਹਨ। ਇੱਕ ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।