ਲੁਧਿਆਣਾ ‘ਚ ਸਨਸਨੀਖੇਜ਼ ਵਾਰਦਾਤ! ਮਹਿਲਾ ਮਜ਼ਦੂਰ ‘ਤੇ ਤੇਜ਼ਾਬ ਸੁੱਟ ਕੇ ਬਾਈਕ ਸਵਾਰ ਫ਼ਰਾਰ

ਲੁਧਿਆਣਾ : ਮਹਾਨਗਰ ਦੇ ਦੁਗਰੀ ਇਲਾਕੇ ਵਿੱਚ ਉਸ ਵੇਲੇ ਚੀਕ ਚਿਹਾੜਾ ਮਚ ਗਿਆ ਜਦੋਂ ਦਿਨ-ਦਿਹਾੜੇ ਇੱਕ ਬੇਖੌਫ਼ ਬਾਈਕ ਸਵਾਰ ਨੇ 40 ਸਾਲਾ ਮਹਿਲਾ ਮਜ਼ਦੂਰ ਸਾਵਿਤਰੀ ‘ਤੇ ਤੇਜ਼ਾਬ ਸੁੱਟ ਦਿੱਤਾ। ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਗੁਰੂ ਗਿਆਨ ਵਿਹਾਰ ਵਿੱਚ ਹੋਈ, ਜਿੱਥੇ ਪੀੜਤ ਮਹਿਲਾ ਆਪਣੀ ਭਤੀਜੀ ਨਾਲ ਮਜ਼ਦੂਰੀ ਦਾ ਕੰਮ ਕਰ ਰਹੀ ਸੀ।
ਜਾਣਕਾਰੀ ਅਨੁਸਾਰ, ਹਮਲਾਵਰ ਨੇ ਆਪਣੀ ਪਛਾਣ ਛੁਪਾਉਣ ਲਈ ਹੈਲਮੇਟ ਪਾਇਆ ਹੋਇਆ ਸੀ। ਉਸਨੇ ਬੜੀ ਚਲਾਕੀ ਨਾਲ ਸਾਵਿਤਰੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸਦੇ ਚਿਹਰੇ ‘ਤੇ ਤੇਜ਼ਾਬ ਉਲਟ ਦਿੱਤਾ। ਇਸ ਜਾਨਲੇਵਾ ਹਮਲੇ ਕਾਰਨ ਮਹਿਲਾ ਦਾ ਚਿਹਰਾ ਅਤੇ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ, ਜਿਸ ਨੂੰ ਨਾਜ਼ੁਕ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਥਾਣਾ ਦੁਗਰੀ ਦੀ ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰ ਦੀ ਪਛਾਣ ਕੀਤੀ ਜਾ ਸਕੇ।