ਕਸ਼ਮੀਰ ‘ਚ ਅੱਲ੍ਹੜ ਮੁੰਡੇ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 25 ਜ਼ਖਮੀ

3ਸ਼੍ਰੀਨਗਰ— ਸ਼੍ਰੀਨਗਰ ਵਿਚ ਹਿਰਾਸਤ ਵਿਚ ਇਕ ਅੱਲ੍ਹੜ ਲੜਕੇ ਦੀ ਕਥਿਤ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ ਮਗਰੋਂ ਹੋਈ ਮੌਤ ਨੂੰ ਲੈ ਕੇ ਵਿਰੋਧ ਕਰ ਰਹੇ ਵਿਖਾਵਾਕਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਅੱਜ ਹੋਈਆਂ ਝੜਪਾਂ ਵਿਚ ਇਕ ਪ੍ਰੈੱਸ ਫੋਟੋਗ੍ਰਾਫਰ ਸਣੇ 25 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਹਾਲਾਂਕਿ ਲੜਕੇ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਉਸ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ। ਇਸ ਦੌਰਾਨ ਵੱਖਵਾਦੀਆਂ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਨਾਲ ਅੱਜ ਲਗਤਾਰ 120ਵੇਂ ਦਿਨ ਵੀ ਆਮ ਜਨ-ਜੀਵਨ ਅਸਤ-ਵਿਅਸਤ ਰਿਹਾ। ਓਧਰ ਅਣਪਛਾਤੇ ਲੋਕਾਂ ਨੇ ਸਕੂਲ ਤੇ ਪੰਚਾਇਤ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਦ ਕਿ ਟਰੱਕ ‘ਤੇ ਪੈਟਰੋਲ ਬੰਬ ਸੁੱਟ ਕੇ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 17 ਸਾਲਾ ਲੜਕਾ ਕੈਸਰ ਅਹਿਮਦ ਦੀ ਲਾਸ਼ ਜਦੋਂ ਨਮਾਜ਼ ਜਨਾਜ਼ਾ ਲਈ ਲਿਆਂਦੀ ਗਈ ਤਾਂ ਪੁਰਾਣੇ ਇਲਾਕੇ ਦੇ ਗੰਦਰਪੋਰਾ ਈਦਗਾਹ ਦੀਆਂ ਸੜਕਾਂ ‘ਤੇ ਸੈਂਕੜੇ ਲੋਕ ਇਕੱਠੇ ਹੋ ਕੇ ਵਿਖਾਵਾ ਕਰਨ ਲੱਗੇ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਿਰਾਸਤ ਵਿਚ ਪਹਿਲਾਂ ਉਸ ਨੂੰ ਤੰਗ ਕੀਤਾ ਗਿਆ ਅਤੇ ਬਾਅਦ ਵਿਚ ਜ਼ਹਿਰ ਦੇ ਦਿੱਤਾ ਗਿਆ।ਸਾਰੇ ਵਿਖਾਵਾਕਾਰੀ ਆਜ਼ਾਦੀ ਦੀ ਮੰਗ ਅਤੇ ਨਾਅਰੇਬਾਜ਼ੀ ਕਰਦੇ ਹੋਏ ਜਦ ਨੱਲਾਹਮਾਰ ਰੋਡ ਵੱਲ ਜਾਣ ਲੱਗੇ ਤਾਂ ਸੁਰੱਖਿਆ ਬਲਾਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਸੁਰੱਖਿਆ ਬਲਾਂ ਨੇ ਵਿਖਾਵਾਕਾਰੀਆਂ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ ਅਤੇ ਬਾਅਦ ਵਿਚ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ। ਇਸ ਦੇ ਮਗਰੋਂ ਵਿਖਾਵਾਕਾਰੀ ਨਾ ਭੱਜੇ ਤਾਂ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਸੁਰੱਖਿਆ ਬਲਾਂ ਨੇ ਪੈਲੇਟ ਗੰਨ ਦੀ ਵਰਤੋਂ ਕੀਤੀ। ਐੱਸ. ਐੱਮ. ਐੱਚ. ਐੱਸ. ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਇਸ ਝੜਪ ਵਿਚ 25 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਨੂੰ ਪੈਲੇਟ ਲੱਗੇ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਸਥਿਤੀ ਸਥਿਰ ਹੈ ਅਤੇ ਜ਼ਖਮੀਆਂ ਵਿਚ ਇਕ ਉਰਦੂ ਰੋਜ਼ਾਨਾ ਦੇ ਫੋਟੋਗ੍ਰਾਫਰ ਗੁਲਜ਼ਾਰ ਵੀ ਸ਼ਾਮਲ ਹੈ।