ਅੰਮ੍ਰਿਤਸਰ – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਢੌਂਗੀ ਠਹਿਰਾਉਂਦਿਆਂ ਕਿਹਾ ਕਿ ਜੋ ਕੋਈ ਵੀ ਵਿਅਕਤੀ ਕਾਨੂੰਨ ‘ਚ ਵਿਸ਼ਵਾਸ ਰੱਖਦਾ ਹੈ, ਉਹ ਫਜ਼ੂਲ ਬਿਆਨਬਾਜ਼ੀ ਨਹੀਂ ਕਰਦਾ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਜੇ ਇਕ ਚੰਗੇ ਨਾਗਰਿਕ ਦੀ ਤਰ੍ਹਾਂ ਕਾਨੂੰਨ ‘ਚ ਰਤਾ ਵੀ ਵਿਸ਼ਵਾਸ ਹੁੰਦਾ ਜਾਂ ਉਸ ਦੀ ਕਿਸੇ ਵੀ ਗੱਲ ‘ਚ ਦਮ ਹੁੰਦਾ ਤਾਂ ਅੱਜ ਉਹ ਅਦਾਲਤ ਵਿਚ ਸਬੂਤ ਪੇਸ਼ ਕਰਦਾ ਅਤੇ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਸਹਿਮਤੀ ਦਿੰਦਾ। ਉਨ੍ਹਾਂ ਕਿਹਾ ਕਿ ਅੱਜ ਅਦਾਲਤ ‘ਚ ਸਬੂਤ ਦੇਣ ਦਾ ਕੇਜਰੀਵਾਲ ਕੋਲ ਮੌਕਾ ਸੀ ਪਰ ਉਹ ਇਕ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਮਜੀਠੀਆ ਨੇ ਕਿਹਾ ਕਿ ਉਹ ਆਪਣੀ ਸਿਆਸਤ ਨੂੰ ਚਮਕਾਉਣ ਲਈ ਅਦਾਲਤ ਦੇ ਬਾਹਰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਾ ਰਿਹਾ ਹੈ, ਜਦਕਿ ਅਦਾਲਤ ਦੇ ਅੰਦਰ ਉਹ ਕੋਈ ਵੀ ਸਬੂਤ ਜਾਂ ਬਿਆਨ ਪੇਸ਼ ਕਰਨ ਤੋਂ ਅਸਮਰੱਥ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਰਾਜਨੀਤੀ ਸਿਰਫ਼ ਤੇ ਸਿਰਫ਼ ਝੂਠ ‘ਤੇ ਟਿਕੀ ਹੋਈ ਹੈ ਪਰ ਹੁਣ ਬਹੁਤੀ ਦੇਰ ਕੇਜਰੀਵਾਲ ਦੀ ਝੂਠ ਦੀ ਦੁਕਾਨਦਾਰੀ ਨਹੀਂ ਚੱਲੇਗੀ ਅਤੇ ਉਸ ਨੂੰ ਜਲਦ ਹੀ ਮਾਣਹਾਨੀ ਦੇ ਕੇਸ ‘ਚ ਕਾਨੂੰਨ ਰਾਹੀਂ ਜੇਲ ਦੀਆਂ ਸਲਾਖ਼ਾਂ ਪਿੱਛੇ ਜਾਣਾ ਪਵੇਗਾ।
ਮਜੀਠੀਆ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਕੇਜਰੀਵਾਲ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਰੋਜ਼ਾਨਾ ਨਵੇਂ ਡਰਾਮੇ ਰਚ ਰਿਹਾ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਅਜਿਹੇ ਢੌਂਗੀ ਦੀਆਂ ਚਾਲਾਂ ‘ਚ ਨਹੀਂ ਫਸਣਗੇ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਉਨ੍ਹਾਂ ਵੱਲੋਂ ਕੀਤੇ ਮਾਣਹਾਨੀ ਦੇ ਕੇਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਲਮਕਾਉਣਾ ਚਾਹੁੰਦਾ ਹੈ। ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਕੇਜਰੀਵਾਲ ਦੀ ਟੀਮ ਵੱਲੋਂ ਅਦਾਲਤੀ ਕਾਰਵਾਈ ‘ਚ ਵਿਘਨ ਪਾਉਣ ਦੀਆਂ ਸਾਜ਼ਿਸ਼ਾਂ ਕਰਨਾ ਇਸ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੀ ਗੱਲ ‘ਚ ਦਮ ਹੈ ਤਾਂ ਰੋਜ਼ਾਨਾ ਸੁਣਵਾਈ ਲਈ ਅੱਗੇ ਆਓ। ਉਨ੍ਹਾਂ ਕਿਹਾ ਕਿ ਮੈਨੂੰ ਗੁਰੂ ਅਤੇ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਕੇਜਰੀਵਾਲ ਤੇ ਇਸ ਦੇ ਸਾਥੀ ਜੇਲ ਦੀਆਂ ਸਲਾਖ਼ਾਂ ਪਿੱਛੇ ਹੋਣਗੇ।















