ਵਿਰੋਧੀ ਧਿਰ ਦੀਆਂ 16 ਪਾਰਟੀਆਂ ਦੀ PM ਨੂੰ ਚਿੱਠੀ, ਕੀਤੀ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਅਪੀਲ

ਨਵੀਂ ਦਿੱਲੀ – ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੀਆਂ 16 ਸਹਿਯੋਗੀ ਪਾਰਟੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇ ਘਟਨਾਚੱਕਰ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ। ਕਾਂਗਰਸ, ਸਮਾਜਵਾਦੀ ਪਾਰਟੀ (ਸਪਾ), ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ (ਉਬਾਠਾ) ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾਵਾਂ ਨੇ ਇਥੇ ਬੈਠਕ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ। ਇਸ ਚਿੱਠੀ ’ਤੇ ਹਸਤਾਖ਼ਰ ਕਰਨ ਵਾਲੇ ਨੇਤਾਵਾਂ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਪ੍ਰਮੁੱਖ ਹਨ।
ਇਨ੍ਹਾਂ ਪਾਰਟੀਆਂ ਨੇ ਲਿਖੀ ਚਿੱਠੀ
ਕਾਂਗਰਸ, ਸਪਾ, ਤ੍ਰਿਣਮੂਲ ਕਾਂਗਰਸ, ਡੀ. ਐੱਮ. ਕੇ., ਸ਼ਿਵ ਸੈਨਾ (ਉਬਾਠਾ), ਰਾਜਦ, ਨੈਸ਼ਨਲ ਕਾਨਫਰੰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.), ਝਾਰਖੰਡ ਮੁਕਤੀ ਮੋਰਚਾ (ਝਾਮੁਮੋ), ਭਾਕਪਾ (ਮਾਲੇ) ਲਿਬਰੇਸ਼ਨ, ਕੇਰਲ ਕਾਂਗਰਸ, ਵੀ. ਸੀ. ਕੇ. ਅਤੇ ਐੱਮ. ਡੀ. ਐੱਮ. ਕੇ. ਦੇ ਪ੍ਰਮੁੱਖ ਆਗੂਆਂ ਨੇ ਇਸ ਚਿੱਠੀ ’ਤੇ ਦਸਤਖ਼ਤ ਕੀਤੇ ਹਨ।