60 ਦਿਨਾਂ ਦੇ ਅੰਦਰ-ਅੰਦਰ ਕਰੋ ਇਹ ਕੰਮ…! ਨਵੇਂ ਹੁਕਮਾਂ ਮਗਰੋਂ ਐਕਸ਼ਨ ਮੋਡ ‘ਚ ਪੰਜਾਬ ਪੁਲਸ

ਜਲੰਧਰ/ਚੰਡੀਗੜ੍ਹ – ਪੰਜਾਬ ’ਚ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ 31 ਮਈ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਸ ਹੁਣ ਨਸ਼ਾ ਸਮੱਗਲਰਾਂ ਅਤੇ ਸਪਲਾਇਰਾਂ ਵਿਰੁੱਧ ਨਵੀਂ ਰਣਨੀਤੀ ਬਣਾਉਣ ’ਚ ਰੁੱਝੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ, ਜਿਸ ਤਹਿਤ ਅਗਲੇ 60 ਦਿਨਾਂ ’ਚ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਲਈ ਜ਼ਿਲ੍ਹਿਆਂ, ਖ਼ੁਫੀਆ ਵਿਭਾਗ ਅਤੇ ਏ. ਐੱਨ. ਟੀ. ਐੱਫ. ਤੋਂ ਪ੍ਰਾਪਤ ਜਾਣਕਾਰੀ ਨਾਲ ਨਸ਼ਾ ਸਮੱਗਲਰਾਂ ਅਤੇ ਸਪਲਾਇਰਾਂ ਦੀਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਨਵੀਨੀਕਰਨ ਲਈ 500 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਹਰੇਕ ਜੇਲ੍ਹ ਵਿਚ ਇਕ ਨਸ਼ਾ ਛੁਡਾਊ ਕੇਂਦਰ ਹੋਵੇਗਾ ਤਾਂ ਜੋ ਕੈਦੀ ਨਸ਼ਾ ਛੁਡਾਊ ਇਲਾਜ ਦਾ ਲਾਭ ਲੈ ਸਕਣ। ਡੀ. ਜੀ. ਪੀ. ਨੇ ਕਿਹਾ ਕਿ ‘ਸੇਫ ਪੰਜਾਬ’ ਵ੍ਹਟਸਐਪ ਚੈਟਬੋਟ ਪੋਰਟਲ – 9779100200 ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ ਕਿਉਂਕਿ ਲੋਕਾਂ ਕੋਲੋਂ ਇਸ ਦੀ ਗੁਪਤਤਾ ਸਬੰਧੀ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜੋ ਉਨ੍ਹਾਂ ਨੂੰ ਨਸ਼ਾ ਸਮੱਗਲਰਾਂ, ਨਸ਼ਾ ਪੀੜਤਾਂ ਦੀ ਰਿਪੋਰਟ ਕਰਨ ਤੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਦਾ ਹੈ।
ਪ੍ਰਾਪਤ ਹੋਈਆਂ 7635 ਜਾਣਕਾਰੀਆਂ ’ਚੋਂ ਜਾਂਚ ਤੋਂ ਬਾਅਦ 1596 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ, ਜਿਸ ਦੇ ਨਤੀਜੇ ਵਜੋਂ 1814 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਇਆ ਹੈ ਤੇ ਉਨ੍ਹਾਂ ਨੂੰ ਅਪਰਾਧੀਆਂ ਦੀ ਬਜਾਏ ਮਰੀਜ਼ਾਂ ਵਾਂਗ ਇਲਾਜ ਕਰਨ ਨੂੰ ਤਰਜੀਹ ਦਿੱਤੀ ਹੈ। ਘੱਟ ਮਾਤਰਾ ’ਚ ਨਸ਼ੀਲੇ ਪਦਾਰਥਾਂ ਨਾਲ ਫੜੇ ਗਏ 1121 ਵਿਅਕਤੀਆਂ ’ਤੇ ਐੱਨ.ਡੀ.ਪੀ.ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਐਕਟ ਦੀ ਧਾਰਾ 64-ਏ ਤਹਿਤ ਨਸ਼ਾ ਛੁਡਾਊ ਅਤੇ ਪੁਨਰਵਾਸ ਲਈ ਭੇਜਿਆ ਗਿਆ ਸੀ।
ਇਸ ਤੋਂ ਇਲਾਵਾ ਪੁਲਸ ਟੀਮਾਂ ਵੱਲੋਂ 5786 ਨਸ਼ਾ ਪੀੜਤਾਂ ਨੂੰ ਛੁਡਾਊ ਕੇਂਦਰਾਂ ’ਚ ਇਲਾਜ ਲਈ ਲਿਜਾਇਆ ਗਿਆ ਹੈ, ਜਦੋਂ ਕਿ 6483 ਨੂੰ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਜ਼ਮਾਨਤ ’ਤੇ ਬਾਹਰ ਆਏ ਲੋਕਾਂ ਤੱਕ ਨਿੱਜੀ ਤੌਰ ’ਤੇ ਪਹੁੰਚ ਕਰਨਗੇ ਤੇ ਉਨ੍ਹਾਂ ਨਾਲ ਸਹਿਯੋਗੀ ਢੰਗ ਨਾਲ ਜੁੜ ਕੇ ਸਵੈ-ਘੋਸ਼ਣਾ ਸਹੁੰ ਪੱਤਰ ਲੈਣਗੇ ਕਿ ਉਹ ਨਸ਼ਿਆਂ ਦਾ ਸੇਵਨ ਜਾਂ ਵੇਚਣ ਤੋਂ ਪ੍ਰਹੇਜ਼ ਕਰਨਗੇ। ਇਸ ਤੋਂ ਇਲਾਵਾ ਐੱਸ.ਐੱਚ.ਓ. ਲੋੜਵੰਦਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੇ ਜਦੋਂ ਕਿ ਆਦਤਨ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡੀ.ਜੀ.ਪੀ. ਨੇ ‘ਈਚ ਵਨ ਅਡਾਪਟ ਵਨ’ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਿਸ ਦੇ ਤਹਿਤ ਡੀ.ਜੀ.ਪੀ. ਰੈਂਕ ਤੋਂ ਲੈ ਕੇ ਹੇਠਾਂ ਤੱਕ ਦਾ ਹਰ ਪੁਲਸ ਅਧਿਕਾਰੀ ਇਕ ਨਸ਼ਾ ਪੀੜਤ ਨੂੰ ਗੋਦ ਲਵੇਗਾ ਤੇ ਉਸ ਦੇ ਨਸ਼ਾ ਛੁਡਾਉਣ ਤੇ ਪੁਨਰਵਾਸ ’ਤੇ ਧਿਆਨ ਕੇਂਦਰਿਤ ਕਰੇਗਾ।