ਨੈਸ਼ਨਲ ਡੈਸਕ- ਅੱਜ ਤੜਕਸਾਰ ਸਵੇਰੇ 5 ਵਜੇ ਦੇ ਕਰੀਬ ਭਾਰਤ ਦੇ ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.8 ਦੱਸੀ ਜਾ ਰਹੀ ਹੈ।
ਨੈਸ਼ਨਲ ਸੈਂਟਰ ਫ਼ਾਰ ਸੀਜ਼ਮੌਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਵੈਲੀ ‘ਚ ਆਇਆ ਸੀ, ਜਿਸ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਧਰਤੀ ਕੰਬਣ ਕਾਰਨ ਲੋਕਾਂ ਦੇ ਮਨਾਂ ‘ਚ ਦਹਿਸ਼ਤ ਛਾ ਗਈ ਸੀ, ਪਰ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਕਿਸਮ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਦੱਖਣੀ ਏਸ਼ੀਆ ‘ਚ ਕਈ ਥਾਈਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲਾਂ ਪਾਕਿਸਤਾਨ, ਫ਼ਿਰ ਚੀਨ ਤੇ ਤੁਰਕੀ ਤੇ ਹੁਣ ਭਾਰਤ। ਇਸ ਤੋਂ ਇਲਾਵਾ ਮਿਆਂਮਾਰ ‘ਚ ਆਏ 7.8 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਹੁਣ ਭੂਚਾਲ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਮਨਾਂ ‘ਚ ਦਹਿਸ਼ਤ ਛਾ ਜਾਂਦੀ ਹੈ।















