ਟਾਂਡਾ ਉੜਮੁੜ – ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਖੇਤਾਂ ਵਿਚ ਸਾੜਣ ਦਾ ਰੁਝਾਨ ਜਾਰੀ ਹੈ। ਬੇਟ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਵੱਡੀ ਪੱਧਰ ‘ਤੇ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਨਾਲ ਖੇਤਾਂ ਵਿਚ ਜੀਵ-ਜੰਤੂ ਅਤੇ ਬੂਟੇ ਸੜ ਕੇ ਸੁਆਹ ਹੋ ਰਹੇ ਹਨ।
ਇਸ ਸਬੰਧੀ ਖੇਤੀਬਾੜੀ ਵਿਭਾਗ, ਵਣ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਵੀ ਬੇਵੱਸ ਦਿਖ ਰਿਹਾ ਹੈ। ਦੱਸਣਯੋਗ ਹੈ ਕਿ ਬੇਟ ਵਿਚ ਮਿਆਣੀ ਦਸੂਹਾ ਟਾਂਡਾ ਮਾਰਗ, ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਅਤੇ ਟਾਂਡਾ ਤਲਵੰਡੀ ਡੱਡੀਆਂ ਰੋਡ ਦੇ ਆਲੇ ਦੁਆਲੇ ਕਣਕ ਦੀ ਨਾੜ ਨੂੰ ਪਿਛਲੇ ਲਗਭਗ ਇਕ ਹਫਤੇ ਤੋਂ ਅੱਗ ਲਗਾਈ ਜਾ ਰਹੀ ਹੈ। ਇਸ ਨਾਲ ਉਕਤ ਸੜਕਾਂ ‘ਤੇ ਜਿਥੇ ਅਕਸਰ ਧੂੰਆਂ ਅਤੇ ਅੱਗ ਆਵਾਜਾਈ ਨੂੰ ਪ੍ਰਭਾਵਿਤ ਕਰਦਾ ਹੈ ਉਥੇ ਹੀ ਇਨ੍ਹਾਂ ਸੜਕਾਂ ਦੁਆਲੇ ਲੱਗੇ ਦਰੱਖਤ ਵੀ ਅੱਗ ਨਾਲ ਨੁਕਸਾਨੇ ਜਾ ਰਹੇ ਹਨ। ਇਸ ਦੇ ਨਾਲ ਹੀ ਨਾੜ ਨੂੰ ਲਾਈ ਅੱਗ ਦੇ ਫੈਲਣ ਨਾਲ ਜਹੂਰਾ , ਕਲਿਆਣਪੁਰ ਅਤੇ ਜਲਾਲਪੁਰ ਇਲਾਕੇ ਵਿਚ ਕਣਕ ਦੀ ਫਸਲ ਦਾ ਨੁਕਸਾਨ ਵੀ ਹੋ ਚੁੱਕਾ ਹੈ।
ਫ਼ਸਲ ਦੀ ਰਹਿੰਦ-ਖੂੰਹਦ ਸਾੜਨ ਦੇ ਵੱਧ ਰਹੇ ਮਾਮਲਿਆ ਦੇ ਦੌਰਾਨ ਅੱਜ ਖੇਤੀਬਾੜੀ ਅਫਸਰ ਡਾ.ਯਸ਼ਪਾਲ ਅਤੇ ਖੇਤੀ ਵਿਕਾਸ ਅਫਸਰ ਲਵਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਨਾੜ ਜਾਂ ਹੋਰ ਰਹਿੰਦ ਖੁਹੰਦ ਨੂੰ ਅੱਗ ਨਾ ਲਾਉਣ।















