ਨੈਸ਼ਨਲ ਡੈਸਕ- ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਬਾਸਨੀ ਥਾਣਾ ਇਲਾਕੇ ਅਧੀਨ ਆਉਂਦੇ ਇੰਡਸਟ੍ਰੀਅਲ ਏਰੀਆ ‘ਚ ਸ਼ਨੀਵਾਰ ਨੂੰ ਇਕ ਕੈਮੀਕਲ ਫੈਕਟਰੀ ‘ਚ ਅੱਗ ਲੱਗ ਗਈ, ਜਿਸ ਕਾਰਨ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਛਵੀ ਸ਼ਰਮਾ ਨੇ ਦੱਸਿਆ ਕਿ ਬਾਸਨੀ ਇਲਾਕੇ ‘ਚ ਸਥਿਤ ਇਕ ਕੈਮੀਕਲ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਫੈਕਟਰੀ ‘ਚ ਪਏ ਜਲਣਸ਼ੀਲ ਪਦਾਰਥ ਦੇ ਸੰਪਰਕ ‘ਚ ਆਉਂਦਿਆਂ ਹੀ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ, ਜਿਸ ਕਾਰਨ ਫੈਲਦੀ ਹੋਈ ਅੱਗ ਨੇ ਨਾਲ ਹੀ ਸਥਿਤ ਇਕ ਹੋਰ ਫੈਕਟਰੀ ਨੂੰ ਚਪੇਟ ‘ਚ ਲੈ ਲਿਆ।
ਅੱਗ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਆ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ 60 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮਿਹਨਤ-ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਇਸ ਅੱਗ ਕਾਰਨ ਫੈਕਟਰੀ ‘ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਹਾਲਾਂਕਿ ਗਨਿਮਤ ਰਹੀ ਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।















