ਆਵੇਗਾ ਤੂਫ਼ਾਨ ਤੇ ਡਿੱਗੇਗੀ ਅਸਮਾਨੀ ਬਿਜਲੀ ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਚਿਤਾਵਨੀ

ਨੈਸ਼ਨਲ ਡੈਸਕ- ਬੀਤੇ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਤੇ ਅਸਮਾਨੀ ਬਿਜਲੀ ਕਾਰਨ ਬਿਹਾਰ ‘ਚ 61 ਲੋਕਾ ਦੀ ਜਾਨ ਚਲੀ ਗਈ ਸੀ, ਜਿਸ ਮਗਰੋਂ ਸੂਬੇ ‘ਚ ਮਾਹੌਲ ਕਾਫ਼ੀ ਗਮਗੀਨ ਬਣਿਆ ਹੋਇਆ ਹੈ।
ਇਸੇ ਦੌਰਾਨ ਮੌਸਮ ਵਿਭਾਗ ਨੇ ਇਕ ਹੋਰ ਡਰਾਉਣ ਵਾਲੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਘੰਟਿਆਂ ਲਈ ਸੂਬੇ ਦੇ ਬਕਸਰ, ਕੈਮੂਰ, ਰੋਹਤਾਸ ਤੇ ਭੋਜਪੁਰ ਜ਼ਿਲ੍ਹਿਆਂ ‘ਚ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਸ ਮਗਰੋਂ ਤੇਜ਼ ਆਵਾਜ਼ ਨਾਲ ਬੱਦਲ ਗਰਜਣ ਤੇ ਅਸਮਾਨੀ ਬਿਜਲੀ ਡਿੱਗਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ।