ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਹੁਣ ਐਕਟਿੰਗ ਦੇ ਨਾਲ-ਨਾਲ ਫ਼ਿਲਮ ਪ੍ਰੋਡਕਸ਼ਨ ਵੱਲ ਵੀ ਕਦਮ ਵਧਾ ਲਏ ਹਨ। ਇਨ੍ਹੀਂ ਦਿਨੀਂ ਸੋਨੂੰ ਸੂਦ ਦੀ ਚਰਚਾ ਹਿੰਦੀ ਫ਼ਿਲਮ ‘ਤੂਤਕ-ਤੂਤਕ-ਤੂਤੀਆ’ ਨੂੰ ਲੈ ਕੇ ਹੋ ਰਹੀ ਹੈ। ਇਸ ਫ਼ਿਲਮ ਵਿੱਚ ਉਹ ਜਿੱਥੇ ਐਕਟਿੰਗ ਕਰਦੇ ਨਜ਼ਰ ਆਉਣਗੇ, ਉੱਥੇ ਬਤੌਰ ਨਿਰਮਾਤਾ ਇਹ ਸੋਨੂੰ ਸੂਦ ਦੀ ਪਹਿਲੀ ਫ਼ਿਲਮ ਹੋਵੇਗੀ। ਸੋਨੂੰ ਸੂਦ ਦਾ ਸੁਪਨਾ ਆਪਣੇ ਮਰਹੂਮ ਪਿਤਾ ਸ਼ਕਤੀ ਸਾਗਰ ਸੂਦ ਦਾ ਨਾਂ ਫ਼ਿਲਮ ਇੰਡਸਟਰੀਜ਼ ਵਿੱਚ ਰੌਸ਼ਨ ਕਰਨ ਦਾ ਹੈ। ਇਹੀ ਕਾਰਨ ਹੈ ਕਿ ਸੋਨੂੰ ਸੂਦ ਨੇ ਆਪਣੇ ਮਰਹੂਮ ਪਿਤਾ ਸ਼ਕਤੀ ਸਾਗਰ ਸੂਦ ਦੇ ਨਾਂ ‘ਤੇ ਹੋਮ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਹੈ। ਉੱਥੇ ਹੀ ਸੋਨੂੰ ਸੂਦ ਅਦਾਕਾਰ ਜੈਕੀ ਚੈਨ ਨਾਲ ਆਉਣ ਵਾਲੀ ਆਪਣੀ ਫ਼ਿਲਮ ‘ਕੁੰਗਫ਼ੂ ਯੋਗਾ’ ਨੂੰ ਲੈ ਕੇ ਵੀ ਹਾਲੀਵੁੱਡ ਪੱਧਰ ‘ਤੇ ਚਰਚਾ ਵਿੱਚ ਹਨ। ਇੱਥੇ ਪੇਸ਼ ਹਨ ਅਦਾਕਾਰ ਸੋਨੂੰ ਸੂਦ ਨਾਲ ਹੋਈ ਗੱਲਬਾਤ ਦੇ ਕੁੱਝ ਅੰਸ਼…
* ਫ਼ਿਲਮ ‘ਤੂਤਕ-ਤੂਤਕ-ਤੂਤੀਆ’ ਵਿੱਚ ਤੁਸੀਂ ਕਿਹੋ ਜਿਹਾ ਕਿਰਦਾਰ ਨਿਭਾਇਆ ਹੈ।
-ਇਹ ਕਾਮੇਡੀ, ਹਾਰਰ ਤੇ ਥ੍ਰਿਲਰ ਫ਼ਿਲਮ ਹੈ। ਨਿਰਦੇਸ਼ਕ ਏ. ਐੱਲ. ਵਿਜੇ ਦੀ ਇਸ ਫ਼ਿਲਮ ਵਿੱਚ ਮੇਰੇ ਨਾਲ ਪ੍ਰਭੂ ਦੇਵਾ, ਤਮੰਨਾ ਭਾਟੀਆ ਤੇ ਈਸ਼ਾ ਗੁਪਤਾ ਨੇ ਕੰਮ ਕੀਤਾ ਹੈ। ਇਸ ਫ਼ਿਲਮ ਜ਼ਰੀਏ ਮੈਂ ਬਤੌਰ ਨਿਰਮਾਤਾ ਪ੍ਰੋਡਕਸ਼ਨ ਵੱਲ ਵੀ ਕਦਮ ਵਧਾਏ ਹਨ। ਇਸ ਫ਼ਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਵਿੱਚ ਮੇਰੇ ਆਪੋਜ਼ਿਟ ਅਦਾਕਾਰਾ ਤਮੰਨਾ ਭਾਟੀਆ ਹੈ। ਫ਼ਰਾਹ ਖ਼ਾਨ ਵੀ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗੀ।
* ਬਤੌਰ ਨਿਰਮਾਤਾ ਫ਼ਿਲਮ ਕਰਨ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
-ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਆਪਣੇ ਮਰਹੂਮ ਪਿਤਾ ਸ਼ਕਤੀ ਸਾਗਰ ਸੂਦ ਦੇ ਨਾਂ ‘ਤੇ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਹੈ, ਤਾਂ ਕਿ ਉਨ੍ਹਾਂ ਦਾ ਨਾਂ ਫ਼ਿਲਮ ਜਗਤ ਵਿੱਚ ਹਮੇਸ਼ਾ ਚਮਕਦਾ ਰਹੇ।
* ਪ੍ਰਭੂ ਦੇਵਾ ਤੁਹਾਡੇ ਚੰਗੇ ਦੋਸਤਾਂ ਵਿੱਚੋਂ ਇੱਕ ਹਨ। ਉਨ੍ਹਾਂ ਨਾਲ ਐਕਟਿੰਗ ਕਰਨ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
-ਪ੍ਰਭੂ ਦੇਵਾ ਮੇਰੇ ਵੱਡੇ ਭਰਾ ਵਾਂਗ ਹਨ। ਉਨ੍ਹਾਂ ਨਾਲ ਐਕਟਿੰਗ ਦਾ ਤਜ਼ਰਬਾ ਕਾਫ਼ੀ ਯਾਦਗਾਰ ਰਿਹਾ ਹੈ। ਅਸੀਂ ਬਹੁਤ ਮੌਜ-ਮਸਤੀ ਕਰਦੇ ਹਾਂ।
* ਪ੍ਰਭੂ ਜੀ ਨਾਲ ਡਾਂਸ ਕਰਨ ਦਾ ਕਿਹੋ ਜਿਹਾ ਤਜ਼ਰਬਾ ਰਿਹਾ?
-ਮੈਨੂੰ ਪ੍ਰਭੂ ਦੇਵਾ ਜੀ ਦੇ ਨਾਲ ਡਾਂਸ ਦਾ ਤੜਕਾ ਲਾਉਣ ਦਾ ਚੰਗਾ ਮੌਕਾ ਮਿਲਿਆ। ਇਨ੍ਹਾਂ ਦਿਨੀਂ ਫ਼ਿਲਮ ਦਾ ਗੀਤ ‘ਰੇਲਗੱਡੀ…’ ਕਾਫ਼ੀ ਚਰਚਾ ਵਿੱਚ ਹੈ। ਮੈਂ ਪਹਿਲੀ ਵਾਰ ਡਾਂਸ ਨੂੰ ਮਹਿਸੂਸ ਕੀਤਾ ਹੈ, ਜਿਸਦਾ ਮੁੱਖ ਕਾਰਨ ਪ੍ਰਭੂ ਦੇਵਾ ਜੀ ਹਨ। ਇਸ ਗੀਤ ਵਿੱਚ ਮੈਂ ਆਪਣੇ ਜੱਦੀ ਸ਼ਹਿਰ ਮੋਗਾ ਨੂੰ ਵੀ ਪ੍ਰਮੋਟ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਗੀਤ ‘ਆਈ ਲਵ ਦਾ ਰਿਏਲੀ ਡਾਂਸ…’ ਵਿੱਚ ਵੀ ਮੈਂ ਮੋਗਾ ਸ਼ਹਿਰ ਨੂੰ ਪ੍ਰਮੋਟ ਕੀਤਾ ਹੈ।
* ਸੁਣਿਆ ਹੈ, ਸ਼ਾਹਰੂਖ ਖ਼ਾਨ ਜੀ ਨੇ ਫ਼ਿਲਮ ‘ਚ ਆਪਣੀ ਅਵਾਜ਼ ਵੀ ਦਿੱਤੀ ਹੈ?
-ਇਹ ਸਹੀ ਹੈ ਕਿ ਸ਼ਾਹਰੂਖ ਖ਼ਾਨ ਜੀ ਨੇ ਫ਼ਿਲਮ ਲਈ ਆਪਣੀ ਆਵਾਜ਼ ਦਿੱਤੀ ਹੈ। ਇਹ ਆਵਾਜ਼ ਫ਼ਿਲਮ ਦੇ ਟ੍ਰੇਲਰ ਵਿੱਚ ਸੁਣਾਈ ਦੇ ਰਹੀ ਹੈ। ਫ਼ਿਲਮ ‘ਹੈਪੀ ਨਿਊ ਈਅਰ’ ‘ਚ ਜਦੋਂ ਅਸੀਂ ਇੱਕੱਠਿਆਂ ਕੰਮ ਕੀਤਾ ਸੀ ਉਦੋਂ ਤੋਂ ਹੀ ਉਹ ਮੇਰੇ ਬਹੁਤ ਚੰਗੇ ਦੋਸਤ ਬਣ ਗਏ ਹਨ। ਮੇਰੇ ਇੱਕ ਵਾਰੀ ਕਹਿਣ ‘ਤੇ ਹੀ ਉਨ੍ਹਾਂ ਆਪਣੀ ਆਵਾਜ਼ ਦੀ ਰਿਕਾਰਡਿੰਗ ਕਰ ਦਿੱਤੀ।
* ਬੌਲੀਵੁਡ ਕਲਾਕਾਰ ਵੀ ਹੁਣ ਪਾਲੀਵੁੱਡ ਵੱਲ ਆ ਰਹੇ ਹਨ। ਤੁਸੀਂ ਕਦੇ ਪੰਜਾਬੀ ਫ਼ਿਲਮ ਕਰਨ ਬਾਰੇ ਨਹੀਂ ਸੋਚਿਆ?
-ਫ਼ਿਲਹਾਲ ਤਾਂ ਬੌਲੀਵੁੱਡ ਫ਼ਿਲਮਾਂ ਵਿੱਚ ਹੀ ਰੁੱਝਿਆ ਹੋਇਆ ਹਾਂ। ਇਸ ਕਰਕੇ ਪੰਜਾਬੀ ਫ਼ਿਲਮ ਕਰਨ ਬਾਰੇ ਸੋਚਣ ਦਾ ਟਾਈਮ ਹੀ ਨਹੀਂ, ਪਰ ਆਉਣ ਵਾਲੇ ਸਮੇਂ ਵਿੱਚ ਜੇਕਰ ਟਾਈਮ ਤੇ ਵਧੀਆ ਪੰਜਾਬੀ ਪ੍ਰਾਜੈਕਟ ਮਿਲਦਾ ਹੈ ਤਾਂ ਕੰਮ ਕਰਨ ਬਾਰੇ ਸੋਚਾਂਗਾ।
* ਤੁਸੀਂ ਖੁਦ ਪੰਜਾਬੀ ਹੋਂ। ਬਤੌਰ ਪੰਜਾਬੀ ਤੁਸੀਂ ਪਾਲੀਵੁੱਡ ਨੂੰ ਕਿਸ ਮੁਕਾਮ ‘ਤੇ ਦੇਖਦੇ ਹੋ?
-ਪਾਲੀਵੁੱਡ ਵਿੱਚ ਵੀ ਪਿਛਲੇ ਕੁਝ ਸਮੇਂ ਤੋਂ ਚੰਗਾ ਬਦਲਾਅ ਆਇਆ ਹੈ। ਹੁਣ ਪਹਿਲਾਂ ਵਾਂਗ ਹੀ ਪੰਜਾਬੀ ਸਿਨੇਮਾ ਵਿੱਚ ਵੀ ਚੰਗੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਬਣ ਰਹੀਆਂ ਹਨ, ਜਿਹੜਾ ਪੰਜਾਬੀ ਸਿਨੇਮਾ ਲਈ ਸ਼ੁੱਭ ਸੰਕੇਤ ਹੈ।
* ਫ਼ਿਲਮ ‘ਕੁੰਗਫ਼ੂ ਯੋਗਾ’ ਦੀ ਹਾਲੀਵੁੱਡ ਪੱਧਰ ‘ਤੇ ਚਰਚਾ ਹੋ ਰਹੀ ਹੈ। ਇਸ ਵਿੱਚ ਤੁਸੀਂ ਕਿਹੋ ਜਿਹਾ ਕਿਰਦਾਰ ਨਿਭਾਇਆ ਹੈ?
-ਐਕਸ਼ਨ ਭਰਪੂਰ ਇਸ ਫ਼ਿਲਮ ਵਿੱਚ ਮੈਂ ਪਹਿਲੀ ਵਾਰ ਖੁੱਲ੍ਹ ਕੇ ਐਕਸ਼ਨ ਕੀਤਾ ਹੈ। ਫ਼ਿਲਮ ਦੀ ਸ਼ੂਟਿੰਗ ਦੁਬਈ, ਚਾਈਨਾ, ਆਈਸਲੈਂਡ ਤੇ ਇੰਡੀਆ ਵਿਖੇ ਹੋਈ ਹੈ। ਰਾਜਸਥਾਨ ਦੇ ਜੋਧਪੁਰ ਇਲਾਕੇ ਦੀਆਂ ਖ਼ੂਬਸੂਰਤ ਲੋਕੇਸ਼ਨਾਂ ‘ਤੇ ਜਾ ਕੇ ਵੀ ਫ਼ਿਲਮ ਦਾ ਕੁਝ ਹਿੱਸਾ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ ਵਿੱਚ ਮੈਂ ਜੈਕੀ ਚੈਨ ਨਾਲ ਐਕਸ਼ਨ ਕਰਦਾ ਨਜ਼ਰ ਆਵਾਂਗਾ। ਹਾਲਾਂਕਿ ਇਸ ਤੋਂ ਪਹਿਲਾਂ ਮੈਂ ਹਾਲੀਵੁੱਡ ਫ਼ਿਲਮ ‘ਰਾਕੀਨ ਮੀਰਾ’ ਕਰ ਚੁੱਕਾ ਹਾਂ, ਪਰ ‘ਕੁੰਗਫ਼ੂ ਯੋਗਾ’ ਸਹੀ ਮਾਇਨੇ ਵਿੱਚ ਮੇਰੇ ਕਰੀਅਰ ਦੀ ਪਹਿਲੀ ਵੱਡੇ ਬਜਟ ਦੀ ਹਾਲੀਵੁੱਡ ਫ਼ਿਲਮ ਹੋਵੇਗੀ। ਮੈਂ ‘ਕੁੰਗਫ਼ੂ ਯੋਗਾ’ ਨੂੰ ਆਪਣੇ ਕਰੀਅਰ ਦੀ ਅਹਿਮ ਤੇ ਜ਼ਬਰਦਸਤ ਫ਼ਿਲਮ ਮੰਨਦਾ ਹਾਂ। ਇਹ ਫ਼ਿਲਮ ਹਾਲੀਵੁੱਡ ਤੇ ਬੌਲੀਵੁੱਡ ਫ਼ਿਲਮਾਂ ਦਾ ਮਿਲਿਆ- ਜੁਲਿਆ ਰੂਪ ਹੋਵੇਗੀ।
* ਕੌਮਾਂਤਰੀ ਸਟਾਰ ਜੈਕੀ ਚੈਨ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਅਦਾਕਾਰ ਜੈਕੀ ਚੈਨ ਨਾਲ ਫ਼ਿਲਮ ਕਰਨਾ ਬੇਹੱਦ ਰੋਮਾਂਚਕ ਤੇ ਚੰਗਾ ਅਨੁਭਵ ਰਿਹਾ। ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਮੈਨੂੰ ਉਨ੍ਹਾਂ ਵਰਗੇ ਮਹਾਨ ਕਲਾਕਾਰ ਨਾਲ ਐਕਟਿੰਗ ਦਾ ਮੰਚ ਸਾਂਝਾ ਕਰਨ ਦਾ ਮੌਕਾ ਮਿਲਿਆ। ਜੈਕੀ ਚੈਨ ਹਰਦਿਲ ਅਜ਼ੀਜ਼ ਇਨਸਾਨ ਹਨ। ਨਾਲ ਹੀ ਉਹ ਮਨ ਦੇ ਵੀ ਬੇਹੱਦ ਸਾਫ਼ ਹਨ। ਇਹ ਉਨ੍ਹਾਂ ਦਾ ਵਡੱਪਣ ਹੈ ਕਿ ਉਨ੍ਹਾਂ ਨਾਲ ਕੰਮ ਕਰਦਿਆਂ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਇੰਨੇ ਵੱਡੇ ਹਾਲੀਵੁੱਡ ਸਟਾਰ ਹਨ ਤੇ ਮੈਂ ਉਨ੍ਹਾਂ ਨਾਲ ਇੱਕ ਫ਼ਿਲਮ ਵਿੱਚ ਕੰਮ ਕਰ ਰਿਹਾ ਹਾਂ।
* ਬਿਜ਼ੀ ਸ਼ੈਡਿਊਲ ਦੇ ਬਾਵਜੂਦ ਖ਼ੁਦ ਨੂੰ ਫ਼ਿੱਟ ਰੱਖਣ ਵਾਸਤੇ ਜਿੰਮ ਲਈ ਕਿੰਨਾ ਸਮਾਂ ਕੱਢਦੇ ਹੋ?
ਮੇਰੇ ਦਿਨ ਦੀ ਸ਼ੁਰੂਆਤ ਜਿਮ ਤੋਂ ਹੀ ਹੁੰਦੀ ਹੈ। ਰੋਜ਼ਾਨਾ ਸਵੇਰੇ ਉੱਠਦੇ ਹੀ ਲਗਭਗ ਦੋ ਘੰਟੇ ਜਿੰਮ ਵਿੱਚ ਵਰਕ-ਆਉਟ ‘ਤੇ ਲਾਉਾਂਦਾਹਾਂ। ਬੌਲੀਵੁੱਡ ਵਿੱਚ ਅਦਾਕਾਰੀ ਦੇ ਨਾਲ ਨਾਲ ਤੁਹਾਡੀ ਦਿੱਖ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਲਈ ਮੈਂ ਆਪਣੀ ਫ਼ਿਟਨੈੱਸ ਪ੍ਰਤੀ ਪੂਰੀ ਤਰ੍ਹਾਂ ਸਚੇਤ ਹਾਂ। ਇਸ ਲਈ ਪ੍ਰੋਟੀਨ ਸ਼ੇਕ ਤੇ ਲਾਈਟ ਖਾਣਾ ਹੀ ਖਾਂਦਾ ਹਾਂ।
***











