ਤੁਸੀਂ ਮਹਿਮਾਨਾਂ ਅਤੇ ਦੋਸਤਾਂ ਵੱਲੋਂ ਜਲਦੀ ਵਿਹਲੇ ਹੋਵੋ। ਪੰਜ ਵਜੇ ਰੇਡੀਓ ਰੈਡ ਐਫ਼. ਐਮ. ਦੇ ਸਟੂਡੀਓ ਪਹੁੰਚਣਾ ਹੈ। ਮਨਜੀਤ ਕੰਗ ਇੰਤਜ਼ਾਰ ਕਰ ਰਿਹਾ ਹੈ। ਮੇਰਾ ਮੇਜ਼ਬਾਨ ਦੋਸਤ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਮੈਨੂੰ ਕਹਿ ਰਿਹਾ ਸੀ। ਮੈਂ ਪੰਜਾਬ ਭਵਨ ਦੇ ਉਦਘਾਟਨ ਤੋਂ ਬਾਅਦ ਉਥੇ ਜੁੜੇ ਸਾਹਿਤਕਾਰਾਂ ਅਤੇ ਮੀਡੀਆ ਕਰਮੀਆਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਅਤੇ ਗਿਲੇ-ਸ਼ਿਕਵੇ ਸਾਂਝੇ ਕਰ ਰਿਹਾ ਸੀ। ਸੈਲਫ਼ੀਆਂ ਫ਼ੋਟੋਆਂ ਦਾ ਸੈਸ਼ਨ ਚੱਲ ਰਿਹਾ ਸੀ। ਯਾਦਗਾਰੀ ਪਲਾਂ ਨੁੰ ਕੈਚ ਕਰਨ ਦੇ ਯਤਨ ਕੀਤੇ ਜਾ ਰਹੇ ਸਨ।
ਇਸ ਵੀਕਐਂਡ ‘ਤੇ ਕੀ ਪ੍ਰੋਗਰਾਮ ਹੈ, ਲੱਗਭੱਗ ਹਰ ਮਿੰਤਰ ਪ੍ਰੇਮੀ ਦਾ ਸਵਾਲ ਸੀ। ਕੈਨੇਡਾ ਆ ਕੇ ਹੀ ਵੀਕਐਂਡ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਇੰਡੀਆ ਵਿੱਚ ਜਦੋਂ ਦਿਲ ਕਰੇ ਮਹਿਫ਼ਲ ਜਮਾ ਲਈਦੀ ਹੈ। ਇੱਥੇ ਪਹਿਲੇ ਪੰਜ ਦਿਨ ਪੂਰੇ ਕੰਮ ਲਈ ਅਤੇ ਫ਼ਿਰ ਮਿਲਣ ਮਿਲਾਉਣ ਲਈ ਬਚਦੇ ਹਨ ਸ਼ੁੱਕਰਵਾਰ ਦੀ ਸ਼ਾਮ ਅਤੇ ਰਾਤ, ਸ਼ਨਿਚਰਵਾਰ ਅਤੇ ਐਤਵਾਰ। ਐਤਵਾਰ ਦੀ ਰਾਤ ਜਲਦੀ ਸੌਣ ਦਾ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਸੋਮਵਾਰ ਨੂੰ ਸਹੀ ਵਕਤ ਕੰਮ ‘ਤੇ ਜਾਣਾ ਹੁੰਦਾ ਹੈ। ਮੈਂ ਇਸ ਵਾਰ ਵੀ ਕੈਨੇਡਾ ਯਾਤਰਾ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਬਣਾ ਕੇ ਆਇਆ ਸੀ ਕਿ ਹਰ ਵੱਡੇ ਸ਼ਹਿਰ ਜਿਵੇਂ ਕਿ ਵੈਨਕੂਵਰ, ਕੈਲਗਰੀ, ਐਡਮਿੰਟਨ ਅਤੇ ਟਰਾਂਟੋ ਆਦਿ ਵਿੱਚ ਇੱਕ ਇੱਕ ਵੀਕਐਂਡ ਬਿਤਾ ਸਕਾਂ। ਪਰ ਵੈਨਕੂਵਰ ਦੇ ਮਿੱਤਰਾਂ ਦੇ ਮੋਹ ਨੇ ਇੱਕ ਦੀ ਬਜਾਏ ਦੋ ਵੀਕਐਂਡ ਦਾ ਪ੍ਰੋਗਰਾਮ ਬਣਾ ਲਿਆ ਸੀ।
ਖੈਰ ਅਸੀਂ ਵਕਤ ਸਿਰ ਵਿਦਾ ਲੈ ਕੇ ਰੇਡੀਓ ਐਫ਼. ਐਮ. ਦੇ ਸਟੂਡੀਓ ਪਹੁੰਚ ਗਏ। ਸਮੁੱਚੇ ਕੈਨੇਡਾ ਵਿੱਚ ਰੇਡੀਓ ਦੀ ਬਹੁਤ ਅਹਿਮੀਅਤ ਹੈ। ਭਾਰਤ ਦੇ ਮੁਕਾਬਲੇ ਇੱਥੋਂ ਦੇ ਰੇਡੀਓ ਐਂਕਰਾਂ ਦੀ ਮਕਬੂਲੀਅਤ ਬਹੁਤ ਜ਼ਿਆਦਾ ਹੈ। ਚੰਗੇ ਰੇਡੀਓ ਹੋਸਟ ਸਾਡੇ ਭਾਈਚਾਰੇ ਵਿੱਚ ਬਹੁਤ ਸਤਿਕਾਰ ਖੱਟ ਰਹੇ ਹਨ। ਕੈਨੇਡਾ ਦੇ ਦੋ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਰੇਡੀਓ ਪ੍ਰੋਗਰਾਮ ਵੱਡੀ ਗਿਣਤੀ ਵਿੱਚ ਪੇਸ਼ ਕੀਤੇ ਜਾਂਦੇ ਹਨ। ਟੋਰੌਂਟੋ ਵਿੱਚ ਵੈਨਕੂਵਰ ਦੇ ਮੁਕਾਬਲੇ ਪੰਜਾਬੀ ਪ੍ਰੋਗਰਾਮ ਜ਼ਿਆਦਾ ਗਿਣਤੀ ਵਿੱਚ ਪੇਸ਼ ਕੀਤੇ ਜਾਂਦੇ ਹਨ ਪਰ ਵੈਨਕੂਵਰ ਦੇ ਪੰਜਾਬੀ ਰੇਡੀਓ ਭਾਵੇਂ ਗਿਣਤੀ ਵਿੱਚ ਘੱਟ ਹਨ ਪਰ ਹਨ 24 ਘੰਟਿਆਂ ਤਕ ਪੂਰੇ ਪੰਜਾਬੀ ਰੇਡੀਓ। ਦੂਜੇ ਪਾਸੇ ਟਰਾਂਟੋ ਵਿੱਚ ਇੱਕ ਇੱਕ ਦੋ-ਦੋ ਘੰਟੇ ਦੇ ਸਲਾਟ ਲੈ ਕੇ ਰੇਡੀਓ ਪ੍ਰੋਗਰਾਮ ਪੇਸ਼ ਕਰਨ ਦਾ ਰਿਵਾਜ਼ ਜ਼ਿਆਦਾ ਹੈ। ਮੈਂ ਲੰਮੇ ਸਮੇ ਤੋਂ ਵੈਨਕੂਵਰ ਦੇ ਰੇਡੀਓ ਪ੍ਰੋਗਰਾਮਾਂ ਨਾਲ ਜੁੜਿਆ ਹੋਇਆ ਹਾਂ। ਲੰਮਾ ਸਮਾਂ ਮੈਂ ਸਲਿੰਦਰ ਗਿੱਲ ਦੇ ਰੇਡੀਓ ਤੋਂ ਰਵਿੰਦਰ ਗਿੱਲ ਨਾਲ ਪ੍ਰੋਗਰਾਮ ਕਰਦਾ ਰਿਹਾ। ਫ਼ਿਰ ਇਸੇ ਰੇਡੀਓ ਤੋਂ ਦਵਿੰਦਰ ਬੈਨੀਪਾਲ ਨਾਲ ਮੇਰਾ ਟਾਕ ਸ਼ੋਅ ਚਲਦਾ ਰਿਹਾ। ਗੁਰਵਿੰਦਰ ਧਾਲੀਵਾਲ ਨਾਲ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਨਾਲ ਫ਼ਿਰ ਅੱਜਕਲ੍ਹ ਮੀਡੀਆ ਵੇਵਜ਼ ‘ਤੇ ਗਾਹੇ-ਬਗਾਹੇ ਸਰੋਤਿਆਂ ਨਾਲ ਸਾਂਝ ਪਾਈਦੀ ਹੈ। ਇੱਕ ਗੱਲ ਹੋਰ ਵੀ ਕਮਾਲ ਦੀ ਹੈ, ਕੈਨੇਡਾ ਰੇਡੀਓ ਦੀ, ਇੱਥੇ ਸਿਰਫ਼ ਹੋਸਟ ਹੀ ਆਪਣੀ ਵੱਖਰੀ ਪਹਿਚਾਣ ਨਹੀਂ ਬਣਾਉਂਦੇ ਸਗੋਂ ਸਰੋਤੇ ਵੀ ਜੋ ਟਿੱਪਣੀਆਂ ਅਤੇ ਸਵਾਲ ਪੁੱਛਣ ਦਾ ਚਸਕਾ ਰੱਖਦੇ ਹਨ, ਵੀ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਹੁਣ ਕਿਸੇ ਨੂੰ ਪੁੱਛ ਲਵੋ ਕਿ ਟਾਂਡੀ ਮੰਗਤਾ ਕੌਣ ਹੈ। ਸਭ ਜਾਣਦੇ ਹਨ ਕਿ ਉਸਨੇ ਸਵਾਲ ਪੁੱਛਣਾ ਹੀ ਪੁੱਛਣਾ ਹੁੰਦੈ। ਰੇਡੀਓ ਰੈਡ ਐਫ਼. ਐਮ. ‘ਤੇ ਮੈਨੂੰ ਮਨਜੀਤ ਕੰਗ ਵੱਲੋਂ ਸੱਦਾ ਸੀ, ਉਹ ਪਹਿਲਾਂ ਵੀ ਮੈਨੂੰ ਇੰਟਰਵਿਊ ਕਰ ਚੁੱਕੀ ਸੀ। ਇਸੇ ਰੇਡੀਓ ਤੋਂ ਰਸ਼ੀਨ ਵਾਲੇ ਹਰਜਿੰਦਰ ਥਿੰਦ ਨੇ ਆਪਣੀ ਖੂਬ ਭੱਲ ਬਣਾਈ ਹੋਈ ਹੈ। ਗੁਰਵਿੰਦਰ ਧਾਲੀਵਾਲ, ਦਵਿੰਦਰ ਬੇਨੀਪਾਲ, ਜਸਵੀਰ ਰੋਮਾਣਾ ਅਤੇ ਹਰਜੀਤ ਗਿੱਲ ਆਦਿ ਅਜਿਹੇ ਨਾਂ ਹਨ, ਜੋ ਪੰਜਾਬੀ ਭਾਈਚਾਰੇ ਵਿੱਚ ਬਹੁਤ ਚੰਗੀ ਸ਼ਾਖ ਰੱਖਦੇ ਹਨ। ਮਨਜੀਤ ਕੰਗ ਨੇ ਮੇਰੀ ਪੁਸਤਕ ‘ਜਿੱਤ ਦਾ ਮੰਤਰ’ ਦੇ ਹਵਾਲੇ ਮੈਨੂੰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਮੰਤਰਾਂ ਬਾਰੇ ਸਵਾਲ ਕੀਤੇ। ਮੈਂ ਆਉਣ ਸਮੇਂ ਉਹਨਾਂ ਨੂੰ ਆਪਣੀ ਇਹ ਪੁਸਤਕ ਭੇਂਟ ਵੀ ਕੀਤੀ।
”ਹੁਣ ਕੀ ਪ੍ਰੋਗਰਾਮ ਹੈ ਬਰਾੜ ਸਾਹਿਬ” ਰੇਡੀਓ ਰੈਡ ਐਫ਼. ਐਮ. ਤੋਂ ਬਾਹਰ ਨਿਕਲਦੇ ਹੋਏ ਮੈਂ ਭਗਤਾ ਭਾਈ ਨੂੰ ਪੁੱਛਦਾ ਹਾਂ?
”ਹੁਣ ਇੱਕ ਘੰਟਾ ਫ਼ਰੀ ਹਾਂ। ਫ਼ਿਰ ਬੰਬੈ ਬੈਂਕੁਟ ਹਾਲ ਪਹੁੰਚਣਾ ਹੈ। ਮੁਗਲੀ-ਰੋਪੜ ਨਾਈਟ ਹੈ ਉਥੇ” ਸੁਖਮੰਦਰ ਬਰਾੜ ਦਾ ਜਵਾਬ ਸੀ।
”ਯਾਰ, ਚਾਹ ਪੀਏ ਕਿਤੇ, ਚਾਹ ਪੀਣ ਨੂੰ ਦਿਲ ਕਰਦੈ” ਮੈਂ ਕਹਿੰਦਾ ਹਾਂ।
ਸੁਖਮੰਦਰ ਸਿੰਘ ਬਰਾੜ ਕਿਸੇ ਨੂੰ ਫ਼ੋਨ ਮਿਲਾਉਂਦਾ ਹੈ ਅਤੇ ਕਹਿ ਰਿਹਾ ਹੈ:
‘ਡਾ. ਵਾਲੀਆ ਮੇਰੇ ਨਾਲ ਹਨ ਅਤੇ ਇੱਕ ਹੋਰ ਮਿੱਤਰ ਵੀ। ਅਸੀਂ ਚਾਹ ਪੀਣ ਆ ਰਹੇ ਹਾਂ ਤੇਰੇ ਕੋਲ।’
‘ਆਹ ਜੀ, ਜੀ ਆਇਆਂ ਨੂੰ’ ਦੂਜੇ ਪਾਸਿਉਂ ਆਵਾਜ਼ ਆਉਂਦੀ ਹੈ।’
‘ਇਹ ਆਪਣਾ ਮਿੱਤਰ ਹੈ, ਰਣਧੀਰ ਢਿੱਲੋਂ, ਬਹੁਤ ਵਧੀਆ ਬੰਦੈ। ਇਹਦੇ ਘਰ ਚਾਹ ਪੀਵਾਂਗੇ’। ਬਰਾੜ ਦੱਸਦਾ ਹੈ।
ਦਸ ਕੁ ਮਿੰਟ ਦੀ ਡਰਾਈਵ ਤੋਂ ਬਾਅਦ ਅਸੀਂ ਰਣਧੀਰ ਢਿੱਲੋਂ ਦੇ ਘਰ ਪਹੁੰਚ ਗਏ। ਰਣਧੀਰ ਢਿੱਲੋਂ ਇੱਕ ਰਿਐਲਟਰ ਹੈ, ਜਿਸਨੇ ਚੰਗਾ ਪੈਸਾ ਬਣਾਇਆ ਹੈ। ਉਸਨੇ ਬਹੁਤ ਮੌਕੇ ‘ਤੇ ਆਪਣਾ ਖੂਬਸਰਤ ਘਰ ਉਸਾਰਿਆ ਹੋਇਆ ਹੈ।
”ਇਹ ਰਣਧੀਰ ਢਿੱਲੋਂ ਹੈ ਆਪਣਾ ਮਿੱਤਰ’ ਬਰਾੜ ਮੇਰੀ ਜਾਣ ਪਛਾਣ ਕਰਾਉਂਦਾ ਹੈ।
ਉਹ ਬਹੁਤ ਨਿੱਘ ਤੇ ਸਤਿਕਾਰ ਨਾਲ ਮਿਲਦਾ ਹੈ। ਮੈਂ ਸੁਭਾਵਿਕ ਹੀ ਪੁੱਛਦਾ ਹਾਂ: ਕਿ
‘ਢਿੱਲੋਂ ਸਾਹਿਬ, ਕਿੱਥੋਂ ਪੜ੍ਹੇ ਹੋ”
”ਮੈਂ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਪੰਜਾਬੀ ਕੀਤੀ ਹੈ’। ਢਿੱਲੋਂ ਦਾ ਜਵਾਬ ਸੀ।
‘ਕਦੋਂ’ ਮੈਂ ਪੁੱਛਿਆ।
‘1978-79 ਵਿੱਚ’ ਢਿੱਲੋਂ ਨੇ ਦੱਸਿਆ।
‘ਯਾਰ, ਉਹਨਾਂ ਦਿਨਾਂ ਵਿੱਚ ਮੈਂ ਵੀ ਤਾਂ ਉਥੇ ਹੀ ਪੜ੍ਹਦਾ ਸੀ। ਡਾ. ਆਤਮ ਹਮਰਾਹੀ ਨਾਲ ਹੀ ਮਲੇਰਕੋਟਲਾ ਤੋਂ ਇੱਥੇ ਆ ਗਿਆ ਸੀ। ਡਾ. ਜੋਗਿੰਦਰ ਸਿੰਘ, ਡਾ. ਚੰਦ, ਡਾ. ਦਰਦੀ ਅਤੇ ਮਹਿੰਦਰ ਸਿੰਘ ਚੀਮਾ ਪੜ੍ਹਾਉਂਦੇ ਸਨ।’
‘ਹਾਂ, ਹਾਂ, ਬਿਲਕੁਲ ਸਹੀ ਕਿਹਾ’ ਢਿੱਲੋਂ ਸਾਹਿਬ ਕਹਿਣ ਲੱਗੇ।
ਰਣਧੀਰ ਢਿੱਲੋਂ ਉਠਿਆ ਅਤੇ ਕੰਧ ‘ਤੇ ਲੱਗੀ ਉਸ ਵੇਲੇ ਦੀ ਫ਼ੋਟੋ ਉਤਾਰ ਲਿਆਇਆ। ਗਰੁੱਪ ਫ਼ੋਟੋ ਵਿੱਚੋਂ ਮੈਂ ਗੁਰਇੱਕਬਾਲ ਤੂਰ ਵਰਗੇ ਕਈ ਮਿੱਤਰਾਂ ਨੂੰ ਉਸੇ ਵੇਲੇ ਪਹਿਚਾਣ ਗਿਆ। 38 ਵਰ੍ਹੇ ਜ਼ਿੰਦਗੀ ਵਿੱਚੋਂ ਜਿਵੇਂ ਮਨਫ਼ੀ ਹੀ ਹੋ ਗਏ। ਦੋ ਜਮਾਤੀ ਜੋ ਮਿਲ ਗਏ ਸਨ। ਉਸ ਤੋਂ ਬਾਅਦ ਹੌਲੀ ਹੌਲੀ ਵਕਤ ਦੀ ਚੱਕਰੀ ਨੂੰ ਪਿੱਛੇ ਨੁੰ ਘੁੰਮਾਇਆ ਗਿਆ ਅਤੇ ਕਈ ਪੱਤਰਿਆਂ ਤੋਂ ਗਰਦ ਨੂੰ ਝਾੜਿਆ ਗਿਆ। ਚਾਹ ਪੀ ਕੇ ਉਠਣ ਤੋਂ ਪਹਿਲਾਂ ਇਹ ਫ਼ੈਸਲਾ ਹੋਇਆ ਕਿ ਕਿਸੇ ਦਿਨ ਪ੍ਰਿਥੀਪਾਲ ਸਿੰਘ ਸੋਹੀ ਅਤੇ ਮੋਹਨ ਗਿੱਲ ਵਰਗੇ ਗੌਰਮਿੰਟ ਕਾਲਜ ਵੇਲੇ ਦੇ ਪੁਰਾਣੇ ਮਿੱਤਰਾਂ ਨਾਲ ਇੱਕ ਸ਼ਾਮ ਸਾਂਝੀ ਜ਼ਰੂਰ ਕੀਤੀ ਜਾਵੇ। ਪ੍ਰਿਥੀਪਾਲ ਸਿੰਘ ਸੋਹੀ ਜੋ ਕਿ ਅੱਜਕਲ੍ਹ ਵੈਨਕੂਵਰ ਦੇ ਮੀਡੀਆ ਦੀ ਇੱਕ ਸਤਿਕਾਰਤ ਸ਼ਖਸੀਅਤ ਹੈ, ਕਿਸੇ ਸਮੇਂ ਮੇਰੇ ਨਾਲ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦਾ ਹੁੰਦਾ ਸੀ। ਉਸ ਤੋਂ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਸੀ। ਕੈਨੇਡਾ ਆਉਣ ਤੋਂ ਪਹਿਲਾਂ ਉਹ ਗੌਰਮਿੰਟ ਕਾਲਜ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਅਤੇ ਰਾਜਨੀਤੀ ਦੇ ਪ੍ਰੋਫ਼ੈਸਰ ਸਨ।
ਰਣਧੀਰ ਢਿੱਲੋਂ ਦੇ ਘਰੋਂ ਸਿੱਧੇ ਅਸੀਂ ਬੰਬੇ ਬੈਂਕੁਟ ਹਾਲ ਪਹੁੰਚੇ। ਜਾਂਦਿਆਂ ਨੂੰ ਪ੍ਰਿਤਪਾਲ ਗਿੱਲ ਤੇ ਸੁਰਜੀਤ ਮਾਧੋਪੁਰੀ ਨੇ ਨਿੱਘਾ ਸਵਾਗਤ ਕੀਤਾ। ਬੰਬੇ ਬੈਂਕੁਟ ਹਾਲ ਦੀ ਪਹਿਲੀ ਮੰਜ਼ਿਲ ‘ਤੇ ਖੂਬ ਰੌਣਕਾਂ ਸਨ। ਮੋਹਾਲੀ-ਰੋਪੜ ਨਾਈਟ ਜੋ ਮਨਾਈ ਜਾ ਰਹੀ ਸੀ। ਕੈਨੇਡਾ ਦੀ ਧਰਤੀ ‘ਤੇ ਵੱਖ-ਵੱਖ ਜ਼ਿਲ੍ਹਿਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਸਲਾਨਾ ਸਮਾਰੋਹ ਕਰਨਾ ਆਮ ਗੱਲ ਹੈ। ਭਾਵੇਂ ਇਹ ਮੁਹਾਲੀ-ਰੋਪੜ ਨਾਈਟ ਸੀ ਪਰ ਇਸ ਵਿੱਚ ਹੋਰ ਮਹਿਮਾਨ ਵੀ ਸ਼ਾਮਲ ਸਨ। ਮੈਂ ਦੇਖਿਆ ਕਿ ਮੇਰੇ ਪਿਛਲੇ ਵਾਲੇ ਟੇਬਲ ‘ਤੇ ਪ੍ਰਿਥੀਪਾਲ ਸਿੰਘ ਸੋਹੀ, ਉਹਨਾਂ ਦੀ ਧਰਮ ਪਤਨੀ ਹਰਿੰਦਰ ਸੋਹੀ, ਕੁਲਦੀਪ ਗਿੱਲ ਅਤੇ ਪਰਨੀਤ ਵਾਲੀਆ ਬੈਠੇ ਸਨ। ਦੂਰ ਟੇਬਲ ‘ਤੇ ਮਾਸਟਰ ਅਮਰੀਕ ਸਿੰਘ ਲੇਲ ਆਪਣੇ ਮਿੱਤਰਾਂ ਨਾਲ ਬੈਠਾ ਸੀ। ਸਟੇਜ ਉਤੇ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਸੀ। ਪੇਸ਼ੇਵਰ ਗਾਇੱਕ ਤੋਂ ਪਹਿਲਾਂ ਮਹਿਮਾਨ ਆਈਟਮ ਪੇਸ਼ ਕੀਤੀਆਂ ਜਾ ਰਹੀਆਂ ਸਨ। ਅਜੇ ਅਸੀਂ ਦੋਸਤਾਂ-ਮਿੱਤਰਾਂ ਨੂੰ ਮਿਲ ਹੀ ਰਹੇ ਸੀ ਕਿ ਸੁੱਖੀ ਬਾਠ ਅਤੇ ਗੁਰਭਜਨ ਗਿੱਲ ਵੀ ਆ ਗਏ। ਉਹਨਾਂ ਨਾਲ ਪਟਿਆਲੇ ਤੋਂ ਮੇਰੇ ਮਿੱਤਰ ਜਗਜੀਤ ਸਿੰਘ ਦਰਦੀ ਦੇ ਛੋਟੇ ਬੇਟੇ ਸਤਿਵੀਰ ਸਿੰਘ ਦਰਦੀ ਅਤੇ ਟਾਈਮ ਟੀ. ਵੀ. ਦੀ ਪੂਰੀ ਟੀਮ ਸੀ। ਹਾਲ ਵਿੱਚ ਖੂਬ ਰੌਣਕਾਂ ਸਨ। ਲੋਕ ਖਾਣ ਪੀਣ ‘ਤੇ ਗੱਪ ਸ਼ੱਪ ਵਿੱਚ ਮਗਨ ਸਨ। ਸਟੇਜ ਤੋਂ ਸੰਗੀਤ ਦੇ ਨਾਂ ‘ਤੇ ਉਚੀ ਅਤੇ ਕੰਨ ਪਾੜਵੀਂ ਆਵਾਜ਼ ਵਿੱਚ ਗੱਲਬਾਤ ਕਰਨੀ ਬਹੁਤ ਔਖੀ ਸੀ। ਬਹੁਤ ਉਚੀ ਆਵਾਜ਼ ਵਿੱਚ ਬੋਲਣਾ ਪੈਂਦਾ ਸੀ। ਇਸ ਹਾਲਤ ਵਿੱਚ ਮੈਂ ਉਠਿਆ, ਪਹਿਲਾ ਸੋਹੀ ਜੋੜੀ ਨੂੰ ਮਿਲਿਆ ਅਤੇ ਕੁਲਦੀਪ ਗਿੱਲ ਨੂੰ ਅਤੇ ਫ਼ਿਰ ਮਾਸਟਰ ਅਮਰੀਕ ਸਿੰਘ ਲੇਲ ਨੂੰ।
”ਇਹਨਾਂ ਨੂੰ ਮਿਲੋ, ਇਹ ਅਮਰੀਕ ਵਿਰਕ ਹਨ, ਇੱਥੋਂ ਦੇ ਮੰਤਰੀ” ਮਾਧੋਪੁਰੀ ਨੇ ਮੇਰੀ ਜਾਣ ਪਛਾਣ ਕਰਾਈ।
ਵਿਰਕ ਸਾਹਿਬ ਨੇ ਦੱਸਿਆ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਪੁਲਿਸ ਵਿਭਾਗ ਵਿੱਚ ਸਨ। ਆਵਾਜ਼ ਜ਼ਿਆਦਾ ਉਚੀ ਹੋਣ ਕਾਰਨ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ। ਰਣਧੀਰ ਢਿੱਲੋਂ ਆਇਆ ਮੈਨੂੰ ਅਤੇ ਮੇਰੇ ਮਿੱਤਰ ਨਾਜ਼ਰ ਸਿੰਘ ਨੂੰ ਉਠਾ ਕੇ ਹਾਲ ਦੇ ਪਿਛਲੇ ਹਿੱਸੇ ਵਿੱਚ ਲੈ ਗਿਆ। ਇਸ ਪਾਸੇ ਦਾ ਮਾਹੌਲ ਬਿਲਕੁਲ ਵੱਖਰਾ ਸੀ। ਸਟੇਜ ਦੀ ਕਾਰਵਾਈ ਤੋਂ ਬੇਖਬਰ ਇੱਥੇ ਸਾਰੇ ਪੜ੍ਹੇ-ਲਿਖੇ ਲੋਕ ਆਪਣੇ ਹੱਥਾਂ ਵਿੱਚ ਲਏ ਜਾਮਾਂ ਵਿੱਚੋਂ ਚੁਸਕੀਆਂ ਲੈਂਦੇ-ਲੈਂਦੇ ਹਾਸੇ ਠੱਠੇ ਵਿੱਚ ਮਸ਼ਰੂਫ਼ ਸਨ। ਮੈਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਮਹਿਫ਼ਲਾਂ ਵਿੱਚ ਸ਼ਰਾਬ ਲਈ ਪੈਸੇ ਵੱਖਰੇ ਦੇਣੇ ਪੈਂਦੇ ਹਨ। ਪੈਸਿਆਂ ਦੀ ਇੱਥੇ ਕਿਸਨੂੰ ਪਰਵਾਹ ਹੁੰਦੀ ਹੈ, ਖੁਮਾਰੀ ਤਾਂ ਮਿੱਤਰਾਂ ਦੋਸਤਾਂ ਦੀ ਸੰਗਤ ਦੀ ਹੁੰਦੀ ਹੈ। ਸਟੇਜ ‘ਤੇ ਪੁਰਾਣੇ ਗਾਇੱਕਾਂ ਦੀ ਤਰਜ਼ ‘ਤੇ ਅਖਾੜਾ ਲੱਗਿਆ ਹੋਇਆ ਸੀ, ਇੱਥੇ ਇੱਕ ਵੰਖਰਾ ਅਖਾੜਾ ਸੀ। ਦੋਵੇਂ ਅਖਾੜਿਆਂ ਨੂੰ ਇੱਕ-ਦੂਜੇ ਦੀ ਪਰਵਾਹ ਨਹੀਂ ਸੀ।
‘ਕਦੋਂ ਆਏ, ਮੈਨੂੰ ਦੱਸਿਆ ਵੀ ਨਹੀਂ ਤੁਸੀਂ ਇੱਥੇ ਹੋ’ ਮੈਨੂੰ ਮਿਲ ਕੇ ਕੋਲ ਰੰਗੀ ਕਹਿਣ ਲੱਗਾ।
‘ਯਾਰ, ਕੱਲ੍ਹ ਹੀ ਆਇਆ ਹਾਂ, ਅੱਜ ਪੰਜਾਬ ਭਵਨ ਦੇ ਉਦਘਾਟਨ ਵਿੱਚ ਬਿਜ਼ੀ ਰਿਹਾ, ਬੱਸ ਮੌਕਾ ਹੀ ਨਹੀਂ ਮਿਲਿਆ’ ਮੈਂ ਸਫ਼ਾਈ ਦਿੱਤੀ।
‘ਇਹ ਗੱਲ ਚੰਗੀ ਨਹੀਂ’ ਕੈਲ ਰੰਗੀ ਮੇਰੇ ਉਤਰ ਤੋਂ ਸੰਤੁਸ਼ਟ ਨਹੀਂ ਸੀ। ਕੈਲ ਰੰਗੀ ਜਿੰਨੀ ਕੁਲਦੀਪ ਰੰਗੀ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਹਨ। ਅਸਲ ਵਿੱਚ ਵੁਸਦਾ ਵੱਡਾ ਭਰਾ ਕੁਲਵੰਤ ਰੰਗੀ ਮੇਰਾ ਮਿੱਤਰ ਸੀ। ਸਾਡੀ ਮਿੱਤਰਤਾ ਦਾ ਕਾਰਨ ਮੇਰੇ ਗੁਰੂ ਵਰਗੇ ਮਿੱਤਰ ਪ੍ਰੋ. ਅਮਰਜੀਤ ਸਿੱਧੂ ਸਨ। ਇਹ ਅਮਰਜੀਤ ਸਿੱਧੂ ਹੋਰਾਂ ਦੀ ਮਾਸੀ ਦੇ ਮੁੰਡੇ ਹਨ। ਕੁਲਦੀਪ ਰੰਗੀ ਨਾਲ ਮੇਰੀ ਇੱਕ ਹੋਰ ਸਾਝ ਬ੍ਰਿਗੇਡੀਅਰ ਡੀ. ਐਸ. ਗਰੇਵਾਲ ਕਰਕੇ ਵੀ ਹੈ। ਬ੍ਰਿਗੇਡੀਅਰ ਗਰੇਵਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ ਹਨ ਅਤੇ ਕੁਲਦੀਪ ਰੰਗੀ ਉਹਨਾਂ ਦਾ ਮਾਮਾ ਹੈ। ਬ੍ਰਿਗੇਡੀਅਰ ਗਰੇਵਾਲ ਨੂੰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ. ਏ. ਐਸ. ਸੈਂਟਰ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਣ ਲਈ ਅਕਸਰ ਸੱਦਾ ਦਿੰਦਾ ਰਹਿੰਦਾ ਹਾਂ। ਸੁਪਾਅ ਵਜੋਂ ਵੀ ਮੈਨੂੰ ਕੈਲ ਰੰਗੀ ਪਸੰਦ ਹੈ ਪਰ ਸੱਚਮੁਚ ਇਸ ਵਾਰ ਦੀ ਯਾਤਰਾ ਬਾਰੇ ਨਹੀਂ ਦੱਸਿਆ ਸੀ। ਉਸਦਾ ਗਿਲਾ ਜਾਇਜ਼ ਸੀ।













