ਸੜਕ ਹਾਦਸਿਆਂ ਕਾਰਨ ਭਾਰਤ ਨੂੰ ਸਾਲਾਨਾ GDP ਦਾ 3 ਫੀਸਦੀ ਦਾ ਨੁਕਸਾਨ : ਗਡਕਰੀ

ਨਵੀਂ ਦਿੱਲੀ – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲੱਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਇਸ ਕਾਰਨ ਭਾਰਤ ਹਰ ਸਾਲ ਆਪਣੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 3 ਫੀਸਦੀ ਗੁਆ ਰਿਹਾ ਹੈ।
ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਵਿਚ ਅਮਰੀਕਨ ਚੈਂਬਰ ਆਫ਼ ਕਾਮਰਸ ਇਨ ਇੰਡੀਆ (ਏ. ਐੱਮ. ਸੀ. ਐੱਚ. ਏ. ਐੱਮ.) ਦੇ ਇਕ ਸਮਾਗਮ ਵਿਚ ਇਹ ਗੱਲ ਕਹੀ। ਗਡਕਰੀ ਨੇ ‘ਸੜਕ ਸੁਰੱਖਿਆ ਲਈ ਤਕਨਾਲੋਜੀ ਦਖਲਅੰਦਾਜ਼ੀ : ਅਮਰੀਕਾ-ਭਾਰਤ ਭਾਈਵਾਲੀ’ ਸਿਰਲੇਖ ਵਾਲੇ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਦੇਸ਼ ਲਈ ਸਭ ਤੋਂ ਗੰਭੀਰ ਸਮੱਸਿਆ ਸੜਕ ਹਾਦਸੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ 4,80,000 ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ 18 ਤੋਂ 45 ਸਾਲ ਦੀ ਉਮਰ ਦੇ 1.88 ਲੱਖ ਲੋਕ ਮਰਦੇ ਹਨ। ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਕਿ 10,000 ਮੌਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ। ਗਡਕਰੀ ਨੇ ਕਿਹਾ ਕਿ ਇਹ ਜਨਤਕ ਸਿਹਤ ਦੇ ਮੁੱਖ ਮੁੱਦਿਆਂ ਵਿਚੋਂ ਇਕ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸੜਕ ਹਾਦਸਿਆਂ ਕਾਰਨ ਜੀ. ਡੀ. ਪੀ. ਦਾ 3 ਫੀਸਦੀ ਹਿੱਸਾ ਗੁਆ ਰਹੇ ਹਾਂ।