ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਜਲਦ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਬੈਠਕ : ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ -ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਵਿਖੇ ਬੀਤੇ ਦਿਨ ਹਰਜਿੰਦਰ ਸਿੰਘ ਧਾਮੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਸੀ। ਸਿੰਘ ਸਾਹਿਬ ਨੇ ਆਖਿਆ ਕਿ ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਕਿਉਂਕਿ ਪੰਥ ਨੂੰ ਇਸ ਔਖੇ ਸਮੇਂ ਵਿਚ ਉਨ੍ਹਾਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 7 ਮੈਂਬਰੀ ਕਮੇਟੀ ਦੇ ਗਠਨ ਨੂੰ ਢਾਈ ਮਹੀਨੇ ਬੀਤ ਗਏ ਹਨ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਅਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਮਰਥਨ ਨਹੀਂ ਕਰ ਰਿਹਾ ਹੈ ਪਰ ਅਸੀਂ ਕਮੇਟੀ ਨੂੰ ਅਕਾਲੀ ਦਲ ਤੋਂ ਸਮਰਥਨ ਲੈਣ ਦੀ ਬਜਾਏ ਆਪਣੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਆਖਿਆ ਕਿ ਹੁਣ ਤਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਿਲਿਆ ਹੈ ਅਤੇ ਕਿਰਪਾਲ ਸਿੰਘ ਬੰਡੂਗਰ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੇ ਕਮੇਟੀ ਦੇ ਬਾਕੀ 5 ਮੈਂਬਰਾਂ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਸਿੰਘ ਸਾਹਿਬ ਨੇ ਅੱਗੇ ਆਖਿਆ ਕਿ ਜੇਕਰ ਇਹ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਹੋਣਗੇ ਤਾਂ ਜਲਦ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਇਨ੍ਹਾਂ 5 ਮੈਂਬਰਾਂ ’ਚੋਂ ਕੋਆਰਡੀਨੇਟਰ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਹੁਣ ਤੱਕ ਚੱਲ ਰਹੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਅਤੇ ਇਸ ਲਈ 5 ਮੈਂਬਰੀ ਕਮੇਟੀ ਜਲਦ ਹੀ 2 ਦਸੰਬਰ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇਗੀ।