ਹਰਿਆਣਾ ਦੇ 7 ਨਗਰ ਨਿਗਮਾਂ ਦੇ ਨਾਲ-ਨਾਲ ਕੁਝ ਹੋਰ ਨਗਰ ਪਾਲਿਕਾਵਾਂ ਦੇ ਮੇਅਰਾਂ ਅਤੇ ਵਾਰਡ ਕੌਂਸਲਰਾਂ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਤ ਨਗਰ ਨਿਗਮਾਂ – ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਅਤੇ ਯਮੁਨਾਨਗਰ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਅੰਬਾਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਲਈ ਵੀ ਜ਼ਿਮਨੀ ਚੋਣ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਅੰਬਾਲਾ ਸਦਰ, ਪਟੌਦੀ ਜਟੋਲੀ ਮੰਡੀ, ਥਾਨੇਸਰ ਅਤੇ ਸਿਰਸਾ ਦੇ ਨਗਰ ਕੌਂਸਲ ਪ੍ਰਧਾਨ ਅਤੇ ਸਾਰੇ ਵਾਰਡ ਮੈਂਬਰਾਂ ਲਈ ਚੋਣਾਂ ਹੋ ਰਹੀਆਂ ਹਨ। ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ ਨਗਰ ਪ੍ਰੀਸ਼ਦ ਦੇ ਪ੍ਰਧਾਨ ਦੇ ਅਹੁਦੇ ਲਈ ਵੀ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੇ ਨਾਲ ਹੀ 21 ਨਗਰ ਪਾਲਿਕਾ ਕਮੇਟੀਆਂ ਦੇ ਪ੍ਰਧਾਨਾਂ ਅਤੇ ਸਾਰੇ ਵਾਰਡ ਮੈਂਬਰਾਂ ਦੀ ਚੋਣ ਲਈ ਵੀ ਵੋਟਿੰਗ ਹੋ ਰਹੀ ਹੈ। ਅਸੰਧ (ਕਰਨਾਲ ਜ਼ਿਲ੍ਹਾ) ਅਤੇ ਇਸਮਾਈਲਾਬਾਦ (ਕੁਰੂਕਸ਼ੇਤਰ ਜ਼ਿਲ੍ਹਾ) ਨਗਰ ਪਾਲਿਕਾ ਕਮੇਟੀਆਂ ਦੇ ਪ੍ਰਧਾਨ ਦੇ ਅਹੁਦੇ ਲਈ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਵੇਰੇ ਜਲਦੀ ਵੋਟ ਪਾਉਣ ਵਾਲਿਆਂ ‘ਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਰਨਾਲ ਦੇ ਇਕ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਈ। ਖੱਟੜ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ,”ਵੋਟ ਪਾਉਣਾ ਸਾਡਾ ਲੋਕਤੰਤਰੀ ਅਧਿਕਾਰ ਹੈ ਅਤੇ ਸਾਡਾ ਫਰਜ਼ ਵੀ।” ਹਰਿਆਣਾ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸੁਰੱਖਿਆ ਸਮੇਤ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਿੰਘ ਨੇ ਕਿਹਾ ਕਿ 9 ਨਗਰ ਨਿਗਮਾਂ ‘ਚ ਮੇਅਰ ਦੇ ਅਹੁਦੇ ਲਈ 39 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜ ਨਗਰ ਕੌਂਸਲਾਂ ‘ਚ ਪ੍ਰਧਾਨ ਦੇ ਅਹੁਦੇ ਲਈ 27 ਉਮੀਦਵਾਰ ਮੈਦਾਨ ‘ਚ ਹਨ ਅਤੇ 23 ਨਗਰ ਕਮੇਟੀਆਂ ਦੇ ਪ੍ਰਧਾਨ ਦੇ ਅਹੁਦੇ ਲਈ ਕੁੱਲ 151 ਉਮੀਦਵਾਰ ਚੋਣ ਲੜ ਰਹੇ ਹਨ। ਕੁਝ ਵਾਰਡਾਂ ‘ਚ ਸਿਰਫ਼ ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ, ਜਿਸ ਕਾਰਨ ਉਹ ਬਿਨਾਂ ਮੁਕਾਬਲਾ ਚੁਣੇ ਗਏ ਹਨ।















