ਜੇਲ੍ਹ ‘ਚ ਬੰਦ MP ਨੂੰ ਮਿਲੀ ਪੈਰੋਲ, ਸੰਸਦ ਸੈਸ਼ਨ ‘ਚ ਹੋ ਸਕਣਗੇ ਸ਼ਾਮਲ

ਬਾਰਾਮੂਲਾ- ਦਿੱਲੀ ਹਾਈ ਕੋਰਟ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੂੰ 2 ਦਿਨ ਦੀ ਕਸਟਡੀ ਪੈਰੋਲ ਦਿੱਤੀ ਹੈ। ਇਹ ਪੈਰੋਲ ਉਨ੍ਹਾਂ ਨੂੰ ਸੰਸਦ ਸੈਸ਼ਨ ‘ਚ ਹਿੱਸਾ ਲੈਣ ਲਈ ਦਿੱਤੀ ਗਈ ਹੈ। ਪੈਰੋਲ ਦੀ ਮੰਗ ਨੂੰ ਲੈ ਕੇ ਇੰਜੀਨੀਅਰ ਰਾਸ਼ਿਦ ਕੁਝ ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਇਸ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।
ਰਾਸ਼ਿਦ ਨੂੰ 2016 ‘ਚ ਜੰਮੂ ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਦੇ ਦੋਸ਼ ‘ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। 2019 ਤੋਂ ਉਹ ਤਿਹਾੜ ਜੇਲ੍ਹ ‘ਚ ਬੰਦ ਹਨ। ਰਾਸ਼ਿਦ ਨੇ ਜੇਲ੍ਹ ‘ਚ ਰਹਿੰਦੇ ਹੋਏ ਹੀ 2024 ਦੀਆਂ ਲੋਕ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਸੀ।