ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਹੋਈ ਤਾਜ਼ਾ ਬਰਫ਼ਬਾਰੀ

ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ਵਿਚ ਜਿਨ੍ਹਾਂ ਵਿਚ ਗੁਲਮਰਗ ਅਤੇ ਪਹਿਲਗਾਮ ਦੇ ਪ੍ਰਸਿੱਧ ਸੈਲਾਨੀ ਸਥਾਨ ਸ਼ਾਮਲ ਹਨ, ਹਲਕੀ ਬਰਫ਼ਬਾਰੀ ਹੋਈ। ਜਦੋਂ ਕਿ ਕੁਝ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਮੌਸਮ ਵਿਗਿਆਨ ਕੇਂਦਰ ਨੇ ਆਉਣ ਵਾਲੇ ਦਿਨਾਂ ਵਿਚ ਨਮੀ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ ਕਸ਼ਮੀਰ ਵਿਚ ਗੁਲਮਰਗ ਦੇ ਸਕੀ ਰਿਜ਼ੋਰਟ ‘ਚ 2.5 ਸੈਂਟੀਮੀਟਰ ਬਰਫ਼ਬਾਰੀ ਅਤੇ 3.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਦੱਖਣੀ ਕਸ਼ਮੀਰ ‘ਚ ਪਹਿਲਗਾਮ ‘ਚ ਰਾਤ ਭਰ 2.7 ਸੈਂਟੀਮੀਟਰ ਬਰਫ਼ਬਾਰੀ ਅਤੇ 1.8 ਮਿਲੀਮੀਟਰ ਮੀਂਹ ਪਿਆ।
ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ‘ਚ ਸੋਨਮਰਗ ਅਤੇ ਇਸ ਦੇ ਆਲੇ ਦੁਆਲੇ ਦੇ ਪਹਾੜੀ ਦਰਿਆਵਾਂ ‘ਚ ਵੀ ਬਰਫ਼ ਦੀ ਚਾਦਰ ਛਾਈ ਹੋਈ ਹੈ। ਇਸ ਤੋਂ ਇਲਾਵਾ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਉੱਪਰਲੇ ਇਲਾਕਿਆਂ ‘ਚ ਹਲਕੀ ਬਰਫ਼ਬਾਰੀ ਹੋਈ, ਜਦੋਂ ਕਿ ਖੇਤਰ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਵੀਰਵਾਰ ਨੂੰ ਮੌਸਮ ਆਮ ਤੌਰ ‘ਤੇ ਬੱਦਲਵਾਈ ਰਹੇਗਾ ਅਤੇ ਕਾਫ਼ੀ ਹੱਦ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। 3 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।