ਜਲੰਧਰ- ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਆਪਣੇ ਦਿੱਤੇ ਵਿਵਾਦਤ ਬਿਆਨ ਲਈ ਮੁਆਫ਼ੀ ਮੰਗੀ ਹੈ। ਚੰਨੀ ਨੇ ਕਿਹਾ ਕਿ ਮੈਂ ਉਸ ਦਿਨ ਸੁਣਿਆ ਸੁਣਾਇਆ ਚੁਟਕਲਾ ਬੋਲਿਆ ਸੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ, ਤਾਂ ਹੱਥ ਜੋੜ ਕੇ ਤੇ ਸਿਰ ਝੁੱਕਾ ਕੇ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਮੈਂ ਨੀਵਾਂ ਹੋ ਕੇ ਚੱਲਣ ਵਾਲਾ ਹਾਂ ਅਤੇ ਮੇਰੇ ਪਰਿਵਾਰ ਨੇ ਮੈਨੂੰ ਨੀਵਾਂ ਹੋ ਚੱਲਣ ਦੇ ਸੰਸਕਾਰ ਦਿੱਤੇ ਹਨ। ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੇ ਨਾ ਹੀ ਮੈਂ ਮਹਿਲਾਵਾਂ ਖ਼ਿਲਾਫ਼ ਮਾੜਾ ਸੋਚ ਸਕਦਾ।
ਦੱਸ ਦੇਈਏ ਅੱਜ ਮੁਹਾਲੀ ਦਫ਼ਤਰ ‘ਚ ਪੰਜਾਬ ਮਹਿਲਾ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਵਿਵਾਦਤ ਬਿਆਨ ਲਈ ਤਲਬ ਕੀਤਾ ਸੀ। ਜਿੱਥੇ ਚੰਨੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਅਤੇ ਮੀਡੀਆ ਸਾਹਮਣੇ ਆਪਣੇ ਦਿੱਤੇ ਬਿਆਨ ‘ਤੇ ਮੁਆਫ਼ੀ ਮੰਗੀ ਹੈ।
ਕਿਸ ਗੱਲ ਤੋਂ ਮਚਿਆ ਸੀ ਬਵਾਲ
ਦਰਅਸਲ ਚਰਨਜੀਤ ਚੰਨੀ ਨੇ ਚੋਣ ਪ੍ਰਚਾਰ ਦੌਰਾਨ ਇਕ ਚੁਟਕਲਾ ਸੁਣਾਇਆ ਸੀ। ਜਿਸ ‘ਚ ਉਨ੍ਹਾਂ ਕਿਹਾ ਕਿ ”ਡੱਬੂ ਜੱਟਾਂ ਦੇ ਕੁੱਤੇ ਦਾ ਨਾਂ ਸੀ, ਕਾਲੂ ਕਹਿੰਦਾ ਕੀ ਹਾਲ ਹੈ ਤੇਰਾ… ਅੱਜ ਕੀ ਖਾਧਾ? ਕਹਿੰਦਾ ਮੈਂ ਕੀ ਖਾਣਾ… ਸੁੱਕੀ ਰੋਟੀ ਡਿੱਗ ਗਈ…ਉੱਪਰ ਥੋੜ੍ਹੀ ਜਿਹੀ ਲੱਸੀ ਡਿੱਗ ਗਈ… ਬਸ ਉਸ ਨੂੰ ਹੀ ਖਾ ਕੇ ਗੁਜ਼ਾਰਾ ਕਰ ਰਿਹਾ…ਮਾਣਤਾਣ ਦੇ ਬੰਨ੍ਹੇ ਬੈਠੇ ਆਂ… ਕਾਲੂ ਕਹਿੰਦਾ ਇਹ ਕਿਹੜਾ ਮਾਣਤਾਣ ਆ…ਜਿਸ ਦੇ ਪਿੱਛੇ ਤੂੰ ਬੰਨ੍ਹਿਆ ਬੈਠਾ…. ਕਹਿੰਦਾ ਮਾਣਤਾਣ ਇਹ ਆ ਕਿ ਜੱਟ ਦੀਆਂ 2 ਜਨਾਨੀਆਂ…ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ… ਤੇ ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ…ਕਹਿੰਦਾ ਬਸ ਇਹੋ ਮਾਣ-ਤਾਣ ਹੈ ਤੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾਂਦਾ…।” ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਚੁਟਕਲੇ ਨੂੰ ਸਿਆਸਤ ਨਾਲ ਜੋੜ ਦਿੱਤਾ ਅਤੇ ਸਿਆਸਤ ‘ਚ ਬਵਾਲ ਮਚ ਗਿਆ।















