ਕਟਕ/ਭੁਵਨੇਸ਼ਵਰ – ਕਾਲਜ ’ਚ ਪੜ੍ਹਨ ਵਾਲੀ 19 ਸਾਲਾ ਇਕ ਵਿਦਿਆਰਥਣ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਦੇ ਦੋਸ਼ ’ਚ ਇਕ ਨਾਬਾਲਿਗ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੂਰੀ ਘਟਨਾ ਓਡੀਸ਼ਾ ਦੇ ਕਟਕ ਜ਼ਿਲ੍ਹੇ ਦੀ ਹੈ।
ਪੀੜਤਾ ਨੇ ਕਟਕ ਦੇ ਬਾਦਾਮਬਾੜੀ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਾਈ ਹੈ ਅਤੇ ਦੋਸ਼ ਲਾਇਆ ਹੈ ਕਿ ਉਸ ਦੇ ਪ੍ਰੇਮੀ ਸਮੇਤ ਹੋਰ ਮੁਲਜ਼ਮਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਦਾਅਵਾ ਕੀਤਾ ਕਿ ਉਹ ਦੁਸਹਿਰਾ ਉਤਸਵ ਦੌਰਾਨ ਆਪਣਾ ਜਨਮ ਦਿਨ ਮਨਾਉਣ ਲਈ ਕਟਕ ਦੇ ਪੁਰੀਘਾਟ ’ਚ ਇਕ ਕੈਫੇ ’ਚ ਗਈ ਸੀ ਅਤੇ ਉਸ ਦੇ ਪ੍ਰੇਮੀ ਨੇ ਕਥਿਤ ਤੌਰ ’ਤੇ ਕੈਫੇ ਮਾਲਕ ਦੀ ਮਦਦ ਨਾਲ ਉੱਥੇ ਉਨ੍ਹਾਂ ਦੇ ਕੁਝ ਨਿੱਜੀ ਪਲਾਂ ਦੀ ਵੀਡੀਓ ਬਣਾ ਲਈ। ਉਨ੍ਹਾਂ ਨੇ ਪੀੜਤਾ ਨੂੰ ਨਿੱਜੀ ਵੀਡੀਓ ਵਿਖਾ ਕੇ ਬਲੈਕਮੇਲ ਕੀਤਾ ਅਤੇ ਕਈ ਵਾਰ ਉਸ ਨਾਲ ਜਬਰ-ਜ਼ਿਨਾਹ ਕੀਤਾ।















