ਬੌਲੀਵੁੱਡ ਅਦਾਕਾਰਾ ਅਦਿਤੀ ਰਾਵ ਹੈਦਰੀ ਨੂੰ ਸਾਰਾ ਦਿਨ ਕੈਮਰੇ ਦੇ ਸਾਹਮਣੇ ਰਹਿਣਾ ਪਸੰਦ ਹੈ। ਉਹ ਇਸ ਨੂੰ ਦੁਨੀਆਂ ਦਾ ਸਭ ਤੋਂ ਸ਼ਾਨਦਾਰ ਸਥਾਨ ਮੰਨਦੀ ਹੈ। ਇੱਥੇ ਉਹ ਖੁਦ ਨੂੰ ਆਜ਼ਾਦ, ਸੁਰੱਖਿਅਤ ਅਤੇ ਰੋਮਾਂਚਿਤ ਮਹਿਸੂਸ ਕਰਦੀ ਹੈ। ਉਸ ਦੇ ਲਈ ਕੈਮਰੇ ਦੇ ਸਾਹਮਣੇ ਰਹਿਣਾ ਬਹੁਤ ਉਤਸ਼ਾਹ ਵਧਾਉਣ ਵਾਲਾ ਹੈ, ਜਿਸ ਤੋਂ ਕਦੇ ਉਸ ਦਾ ਮੰਨ ਨਹੀ ਭਰਦਾ। ਆਪਣੀ ਮਾਸੂਮ ਸੁੰਦਰਤਾ ਲਈ ਮਸ਼ਹੂਰ ਹੋਈ ਅਦਿਤੀ ਕਹਿਣਾ ਹੈ ਕਿ ਉਹ ਚਣੌਤੀਆਂ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਉਸ ਨੂੰ ਲਗਦਾ ਹੈ ਕਿ ਹੁਣ ਤੱਕ ਉਸ ਨੂੰ ਅਜਿਹੀ ਚਣੌਤੀ ਨਹੀਂ ਮਿਲੀ ਜਿਸ ਤਰ੍ਹਾਂ ਦੀ ਉਹ ਚਾਹੁੰਦੀ ਹੈ। ਉਸ ਨੂੰ ਆਰਾਮ ‘ਚ ਰਹਿਣਾ ਵੀ ਪਸੰਦ ਨਹੀ ਹੈ। ਉਹ ਤਾਂ ਚਾਹੁੰਦੀ ਹੈ ਕਿ ਉਸ ਦੀਆਂ ਫ਼ਿਲਮਾਂ ਦੇ ਨਿਰਦੇਸ਼ਕ ਚੰਗੇ ਤੋਂ ਚੰਗਾ ਕਰਨ ਲਈ ਉਸ ‘ਤੇ ਦਬਾਅ ਪਾਉਣ। ਉਹ ਲਗਾਤਾਰ ਸਿੱਖਣਾ ਅਤੇ ਵਿਕਸਿਤ ਹੋਣਾ ਚਾਹੁੰਦੀ ਹੈ। ਉਹ ਕਦੇ ਲਾਪਰਵਾਹ ਨਹੀਂ ਹੋਣਾ ਚਾਹੁੰਦੀ ਅਤੇ ਉਸ ਨੂੰ ਉਨ੍ਹਾਂ ਆਫ਼ਰਾਂ ਲਈ ਨਾਂਹ ਕਹਿਣ ‘ਚ ਵੀ ਝਿਜਕ ਨਹੀ ਜੋ ਉਸ ਦੇ ਮੰਨ ਨੂੰ ਪਸੰਦ ਨਾ ਆਉਣ। ਪਾਗਲਪਨ ਦੀ ਹੱਦ ਤਕ ਫ਼ਿਲਮਾਂ ਨਾਲ ਪਿਆਰ ਕਰਨ ਵਾਲੀ ਇਹ ਸੁੰਦਰ ਅਦਾਕਾਰਾ ਸਫ਼ਲਤਾ ਅਤੇ ਅਸਫ਼ਲਤਾ ਦਾ ਸਾਹਮਣਾ ਕਰਨ ਦੀ ਗੱਲ ਆਉਣ ‘ਤੇ ਇੱਕ ਆਮ ਮੁਟਿਆਰ ਬਣ ਜਾਂਦੀ ਹੈ। ਹਾਲਾਂਕਿ, ਉਹ ਇੰਨੀ ਸਮਝਦਾਰ ਹੈ ਕਿ ਉਹ ਇਸ ਨੂੰ ਖੁਦ ‘ਤੇ ਹਾਵੀ ਨਹੀ ਹੋਣ ਦਿੰਦੀ। ਉਹ ਕਹਿੰਦੀ ਹੈ, ”ਬਿਹਤਰ ਤਾਂ ਇਹੀ ਹੈ ਕਿ ਤੁਸੀ ਸਫ਼ਲਤਾ ਜਾਂ ਅਸਫ਼ਲਤਾ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ।” ਉਸ ਮੁਤਾਬਕ ਫ਼ਿਲਮ ਨਗਰੀ ‘ਚ ਬਿਤਾਏ ਸਮੇਂ ਨੇ ਉਨ੍ਹਾਂ ਨੂੰ ਇੱਕ ਅਹਿਮ ਪਾਠ ਸਿਖਾਇਆ ਹੈ ਕਿ ਤੁਸੀ ਜਿਹੋ-ਜਿਹੇ ਹੋ, ਉਹੋ ਜਿਹੇ ਹੀ ਰਹੋ ਅਤੇ ਖੁਦ ਨੂੰ ਸਵੀਕਾਰ ਕੀਤੇ ਜਾ ਸਕਣ ਵਾਲੇ ਬਣਾਉਟੀ ਰੂਪ ‘ਚ ਢਾਲਣ ਦੀ ਕੋਸ਼ਿਸ਼ ਨਾ ਕਰੋ। ਉਸ ਮੁਤਾਬਕ ਵਾਰ-ਵਾਰ ਹੀਰੋ ਦੇ ਅੱਗੇ-ਪਿੱਛੇ ਘੁੰਮਣ ਵਾਲੇ ਰੋਲ ਕਰਕੇ ਉਹ ਬੋਰ ਹੋ ਚੁੱਕੀ ਹੈ ਅਤੇ ਕੁਝ ਚਣੌਤੀ ਭਰਪੂਰ ਕਰਨ ਦੀ ਉਸ ਦੀ ਚਾਹਤ ਮਣੀਰਤਨਮ ਦੀ ਫ਼ਿਲਮ ਨੇ ਪੂਰੀ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ।











