ਵਿਦਿਆਰਥੀ ਤੇ ਨੌਜਵਾਨਾਂ ’ਚ ਖੁਦਕੁਸ਼ੀਆਂ ਦਾ ਵਧਣਾ ਚਿੰਤਾਜਨਕ : ਰਾਹੁਲ

ਨਵੀਂ ਦਿੱਲੀ – ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਿਦਿਆਰਥੀ ਅਤੇ ਨੌਜਵਾਨਾਂ ‘ਚ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ‘ਚ ਵਾਧੇ ਨਾਲ ਸਬੰਧਤ ਰਿਪੋਰਟ ਦੇ ਪਿਛੋਕੜ ‘ਚ ਸ਼ਨੀਵਾਰ ਕਿਹਾ ਕਿ ਨੌਜਵਾਨਾਂ ਦੀ ਖ਼ੁਦਕੁਸ਼ੀ ਚਿੰਤਾ ਦਾ ਵਿਸ਼ਾ ਹੈ। ਅਜਿਹੀ ਸਥਿਤੀ ‘ਚ ਸਰਕਾਰ ਤੋਂ ਉਮੀਦ ਹੈ ਕਿ ਉਹ ਨੌਜਵਾਨਾਂ ਲਈ ਯੋਜਨਾਵਾਂ ਬਣਾਏਗੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।
ਰਾਹੁਲ ਗਾਂਧੀ ਨੇ ਆਪਣੇ ਵ੍ਹਟਸਐਪ ਚੈਨਲ ‘ਤੇ ਪੋਸਟ ਕੀਤਾ ਕਿ ਦੇਸ਼ ਦੇ ਨੌਜਵਾਨਾਂ ‘ਚ ਵਧਦੀ ਖ਼ੁਦਕੁਸ਼ੀ ਦੀ ਦਰ ਬਹੁਤ ਦੁਖਦਾਈ ਤੇ ਚਿੰਤਾਜਨਕ ਹੈ। ਪਿਛਲੇ ਦਹਾਕੇ ‘ਚ 0-24 ਸਾਲ ਦੀ ਉਮਰ ਦੇ ਲੋਕਾਂ ਦੀ ਆਬਾਦੀ 58.20 ਕਰੋੜ ਤੋਂ ਘਟ ਕੇ 58.10 ਕਰੋੜ ਹੋ ਗਈ ਹੈ, ਜਦ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਖ਼ੁਦਕੁਸ਼ੀ ਦੀ ਗਿਣਤੀ 6654 ਤੋਂ ਵੱਧ ਕੇ 13,044 ਹੋ ਗਈ ਹੈ।