ਰੋਡ ਸ਼ੋਅ ’ਚ ਫੁੱਲਾਂ ਦੀ ਵਰਖਾ ਦੌਰਾਨ ਸੀ. ਐੱਮ. ਮਾਨ ਦੀ ਅੱਖ ’ਤੇ ਲੱਗੀ ਸੱਟ, ਬੋਲੇ ਧੰਨ ਹਾਂ…

ਨਵਾਂਸ਼ਹਿਰ/ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ‘ਆਪ’ ਵਿਧਾਇਕ ਦਿਨੇਸ਼ ਚੱਢਾ ਨਾਲ ਨਵਾਂਸ਼ਹਿਰ ’ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਵੋਟਰਾਂ ਨੂੰ ਤਾਨਾਸ਼ਾਹੀ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਵਾਂਗ ਹਾਂ ਅਤੇ ਤੁਹਾਡੇ ਨਾਲ ਹਾਂ। ਅਸੀਂ ਤੁਹਾਡੀ ਵੋਟ ਦੀ ਕਦਰ ਕਰਦੇ ਹਾਂ ਪਰ ਜੇਕਰ ਤੁਸੀਂ ‘ਰਜਵਾੜੇ’ ਨੇਤਾਵਾਂ ਨੂੰ ਵੋਟ ਦਿੰਦੇ ਹੋ ਤਾਂ ਤੁਹਾਡੀ ਵੋਟ ਬਰਬਾਦ ਹੋ ਜਾਵੇਗੀ ਕਿਉਂਕਿ ਉਹ ਵੋਟਾਂ ਲੈ ਕੇ ਜਨਤਾ ਦੇ ਸਾਹਮਣੇ ਨਹੀਂ ਆਉਂਦੇ। ਉਹ ਤੁਹਾਡੇ ਟੈਕਸ ਦੇ ਪੈਸੇ ਨਾਲ ਆਪਣੇ ਮਹਿਲਾਂ ਵਿਚ ਰਹਿ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ।
ਉਨ੍ਹਾਂ ਨੇ ਵੋਟਰਾਂ ਨੂੰ ‘ਝਾੜੂ’ ਨੂੰ ਵੋਟ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲਵਿੰਦਰ ਸਿੰਘ ਕੰਗ ਸੰਸਦ ’ਚ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬਣਨਗੇ। ਉਨ੍ਹਾਂ ਨੇ ਵੋਟਰਾਂ ਨੂੰ ਲੋਕਤੰਤਰ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ‘ਆਪ’ ਨੂੰ ਵੋਟ ਪਾਉਣ ਲਈ ਕਿਹਾ।
ਰੋਡ ਸ਼ੋਅ ਦੌਰਾਨ ਹੋ ਰਹੀ ਫੁੱਲਾਂ ਦੀ ਵਰਖਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਖ ’ਤੇ ਸੱਟ ਲੱਗ ਗਈ ਪਰ ਉਨ੍ਹਾਂ ਕਿਹਾ ਕਿ ਉਹ ਧੰਨ ਹਨ। ਬਹੁਤੇ ਲੀਡਰਾਂ ਨੂੰ ਚੱਪਲਾਂ ਮਿਲਦੀਆਂ ਹਨ ਪਰ ਉਹ ਜਿੱਥੇ ਵੀ ਜਾ ਰਹੇ ਹਨ, ਉੱਥੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਅੱਖ ਵਿਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਭਾਸ਼ਣ ਛੋਟਾ ਕਰਨਾ ਪਿਆ ਪਰ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਮੇਰੀ ਚਿੰਤਾ ਨਾ ਕਰਨ ਸਗੋਂ ਪੰਜਾਬ ਬਾਰੇ ਹੀ ਸੋਚਣ। ਉਨ੍ਹਾਂ ਕਿਹਾ ਕਿ ਉਹ ਬਾਅਦ ਵਿਚ ਆਪਣੀ ਅੱਖ ਦੀ ਜਾਂਚ ਕਰਵਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਨਵਾਂਸ਼ਹਿਰ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲਵਿੰਦਰ ਸਿੰਘ ਕੰਗ ਲਈ ਖਰੜ ਅਤੇ ਰੋਪੜ ’ਚ 2 ਰੋਡ ਸ਼ੋਅ ਕੀਤੇ, ਜਿੱਥੇ ਉਨ੍ਹਾਂ ਨੂੰ ਅਜਿਹਾ ਹੀ ਸਮਰਥਨ ਮਿਲਿਆ ਸੀ। ਇਸ ਮੌਕੇ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਨਵਾਂਸ਼ਹਿਰ ਦੇ ਲੋਕਾਂ ਵੱਲੋਂ ਦਿੱਤੇ ਭਰਵੇਂ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸੀਟ ਜਿੱਤਣਗੇ |