ਲੋਕ ਸਭਾ ਚੋਣਾਂ 2024: 11 ਵਜੇ ਤੱਕ ਪੱਛਮੀ ਬੰਗਾਲ ‘ਚ ਸਭ ਤੋਂ ਜ਼ਿਆਦਾ ਵੋਟਿੰਗ, ਜਾਣੋ ਹੋਰ ਸੂਬਿਆਂ ਦਾ ਹਾਲ

ਨਵੀਂ ਦਿੱਲੀ- 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਅੱਜ ਯਾਨੀ ਕਿ ਸੋਮਵਾਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ਵਿਚ 10 ਸੂਬਿਆਂ ਦੀਆਂ 96 ਲੋਕ ਸਭਾ ਸੀਟਾਂ ‘ਤੇ ਵੋਟਰ 1717 ਉਮੀਦਵਾਰਾਂ ਲਈ ਵੋਟਿੰਗ ਕਰ ਰਹੇ ਹਨ। ਪਹਿਲੇ-ਦੂਜੇ ਅਤੇ ਤੀਜੇ ਪੜਾਅ ਲਈ ਵੋਟਾਂ ਪੈ ਚੁੱਕੀਆਂ ਹਨ। ਚੌਥੇ ਪੜਾਅ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੈ, ਜੋ ਕਿ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਪੜਾਅ ਵਿਚ ਕਈ ਕੇਂਦਰੀ ਮੰਤਰੀਆਂ ਨਾਲ ਹੀ ਇਕ ਸਾਬਕਾ ਮੁੱਖ ਮੰਤਰੀ ਵੀ ਚੋਣ ਮੈਦਾਨ ਵਿਚ ਹੈ।
ਜੇਕਰ ਵੋਟ ਫ਼ੀਸਦੀ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 11 ਵਜੇ ਤੱਕ 23 ਫ਼ੀਸਦੀ ਵੋਟਿੰਗ ਹੋਈ। ਬੰਗਾਲ ਵਿਚ ਸਭ ਤੋਂ ਜ਼ਿਆਦਾ 32 ਫ਼ੀਸਦੀ ਵੋਟਾਂ ਪਈਆਂ। ਦੱਸ ਦੇਈਏ ਕਿ ਇਸ ਪੜਾਅ ਵਿਚ ਤੇਲੰਗਾਨਾ ਤੋਂ 17, ਆਂਧਰਾ ਪ੍ਰਦੇਸ਼ ਤੋਂ 25, ਉੱਤਰ ਪ੍ਰਦੇਸ਼ ਤੋਂ 13, ਬਿਹਾਰ ਤੋਂ 5, ਝਾਰਖੰਡ ਤੋਂ 4, ਮੱਧ ਪ੍ਰਦੇਸ਼ ਤੋਂ 8, ਮਹਾਰਾਸ਼ਟਰ ਤੋਂ 11, ਓਡੀਸ਼ਾ ਤੋਂ 4, ਪੱਛਮੀ ਬੰਗਾਲ ਤੋਂ 8 ਅਤੇ ਜੰਮੂ-ਕਸ਼ਮੀਰ (ਸ੍ਰੀਨਗਰ) ਤੋਂ ਇਕ ਲੋਕ ਸਭਾ ਸੀਟ ‘ਤੇ ਵੋਟਿੰਗ ਹੋ ਰਹੀ ਹੈ। ਚੌਥੇ ਪੜਾਅ ਦੌਰਾਨ 17.7 ਕਰੋੜ ਵੋਟਰ ਇਕ ਲੱਖ 92 ਹਜ਼ਾਰ ਵੋਟਿੰਗ ਕੇਂਦਰਾਂ ‘ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ 1717 ਉਮੀਦਵਾਰਾਂ ਵਿਚੋਂ ਆਪਣਾ ਪਸੰਦੀਦਾ ਪ੍ਰਤੀਨਿਧੀ ਚੁਣਨਗੇ। ਕੁੱਲ 17.7 ਕਰੋੜ ਵੋਟਰਾਂ ਵਿਚੋਂ 12.49 ਲੱਖ 85 ਸਾਲ ਤੋਂ ਵੱਧ ਉਮਰ ਦੇ ਹਨ।
ਆਓ ਜਾਣਦੇ ਹਾਂ ਵੋਟਿੰਗ ਦਾ ਹਾਲ
ਸੂਬੇ 9 ਵਜੇ ਤੱਕ ਵੋਟਿੰਗ ਫ਼ੀਸਦੀ 11 ਵਜੇ ਤੱਕ ਵੋਟਿੰਗ ਫ਼ੀਸਦੀ
ਆਂਧਰਾ ਪ੍ਰਦੇਸ਼ 9.05 23.10
ਬਿਹਾਰ 10.18 22.54
ਜੰਮੂ ਕਸ਼ਮੀਰ 5.07 14.94
ਝਾਰਖੰਡ 11.78 27.40
ਮੱਧ ਪ੍ਰਦੇਸ਼ 14.97 32.38
ਮਹਾਰਾਸ਼ਟਰ 6.45
17.51
ਓਡੀਸ਼ਾ 9.23 23.28
ਤੇਲੰਗਾਨਾ 9.51 24.31
ਉੱਤਰ ਪ੍ਰਦੇਸ਼ 11.67 27.12
ਪੱਛਮੀ ਬੰਗਾਲ 15.24 32.78
ਦੱਸਣਯੋਗ ਹੈ ਕਿ ਚੌਥੇ ਪੜਾਅ ਵਿਚ ਅਖਿਲੇਸ਼ ਯਾਦਵ, ਗਿਰੀਰਾਜ ਸਿੰਘ, ਮਹੂਆ ਮੋਇਤਰਾ, ਅਧੀਰ ਰੰਜਨ ਚੌਧਰੀ, ਯੂਸਫ ਪਠਾਨ, ਵਾਈ. ਐੱਸ. ਸ਼ਰਮੀਲਾ, ਅਰਜੁਨ ਮੁੰਡਾ, ਸ਼ਤਰੂਘਨ ਸਿਨਹਾ, ਅਸਦੁਦੀਨ ਓਵੈਸੀ ਆਦਿ ਨੇਤਾ ਚੋਣ ਮੈਦਾਨ ਵਿਚ ਹਨ।