NIA ਨੇ ਪਾਕਿਸਤਾਨ ਸਮਰਥਿਤ ਅੱਤਵਾਦੀ ਸਾਜਿਸ਼ ਮਾਮਲੇ ‘ਚ ਜੰਮੂ ‘ਚ 6 ਥਾਵਾਂ ‘ਤੇ ਲਈ ਤਲਾਸ਼ੀ

ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੀ ਪਾਕਿਸਤਾਨ ਸਮਰਥਿਤ ਸਾਜਿਸ਼ ਮਾਮਲੇ ‘ਚ ਜੰਮੂ ‘ਚ 6 ਥਾਵਾਂ ‘ਤੇ ਤਲਾਸ਼ੀ ਲਈ। ਇਕ ਅਧਿਕਾਰਤ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ‘ਚ ਕਿਹਾ ਗਿਆ ਕਿ ਜੰਮੂ ਅਤੇ ਕਸ਼ਮੀਰ ‘ਚ ‘ਸਟਿਕੀ’ ਬੰਬ, ਆਈ.ਆਈ.ਡੀ. ਅਤੇ ਛੋਟੇ ਹਥਿਆਰਾਂ ਆਦਿ ਨਾਲ ਹਿੰਸਕ ਹਮਲੇ ਕਰਨ ਲਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੀਆਂ ਸ਼ਾਖਾਵਾਂ ਵਲੋਂ ਸਾਜਿਸ਼ ਰਚਣ ਨਾਲ ਸੰਬੰਧਤ ਇਕ ਮਾਮਲੇ ‘ਚ ਐੱਨ.ਆਈ.ਏ. ਦੀ ਕਈ ਟੀਮ ਵਲੋਂ ਖੇਤਰ ਦੇ ਡੋਡਾ, ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹਿਆਂ ‘ਚ ਵਿਆਪਕ ਤਲਾਸ਼ੀ ਲਈ ਗਈ।
ਇਸ ‘ਚ ਕਿਹਾ ਗਿਆ ਹੈ ਕਿ ਤਲਾਸ਼ੀ ‘ਚ ‘ਹਾਈਬ੍ਰਿਡ’ ਅੱਤਵਾਦੀਆਂ, ਆਮ ਜਨਤਾ ਦਰਮਿਆਨ ਰਹਿਣ ਵਾਲੇ ਅੱਤਵਾਦੀਆਂ ਦੇ ਸਹਿਯੋਗੀਆਂ, ਅੱਤਵਾਦੀ ਸੰਗਠਨਾਂ ਦੀ ਨਵਗਠਿਤ ਸ਼ਾਖਾਵਾਂ ਦੇ ਮੈਂਬਰਾਂ ਅਤੇ ਸਹਿਯੋਗੀਆਂ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ ਉਨ੍ਹਾਂ ਦੇ ਸਮਰਥਕ ਨਾਲ ਸੰਬੰਧਤ ਕਈ ਕੰਪਲੈਕਸ ਤੋਂ ਡਿਜੀਟਲ ਉਪਕਰਣਾਂ, ਦਸਤਾਵੇਜ਼ ਆਦਿ ਸਮੇਤ ਕਈ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ। ਐੱਨ.ਆਈ.ਏ. ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ‘ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.), ਜੈਸ਼-ਏ-ਮੁਹੰਮਦ (ਜੇ.ਈ.ਐੱਮ.), ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.), ਅਲ-ਬਦਰ, ਅਲ-ਕਾਇਦਾ ਆਦਿ ਸ਼ਾਮਲ ਹਨ। ਐੱਨ.ਆਈ.ਏ. ਨੇ ਇਨ੍ਹਾਂ ਸੰਗਠਨਾਂ ਦੇ ਨਾਲ-ਨਾਲ ਉਨ੍ਹਾਂ ਦੀ ਨਵਗਠਿਤ ਸ਼ਾਖਾਵਾਂ ਵਲੋਂ ਸੰਚਾਲਿਤ ਅੱਤਵਾਦੀ ਨੈੱਟਵਰਕ ਨੂੰ ਨਸ਼ਟ ਕਰਨ ਲਈ 21 ਜੂਨ 2022 ਨੂੰ ਖ਼ੁਦ ਨੋਟਿਸ ਲੈਂਦੇ ਹੋਏ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਨਵਗਠਿਤ ਸ਼ਾਖਾਵਾਂ ‘ਚ ਰੇਜਿਸਟੇਂਸ ਫਰੰਟ (ਟੀਆਰਐੱਫ), ਯੂਨਾਈਟੇਡ ਲਿਬਰੇਸ਼ਨ ਫਰੰਟ ਜੰਮੂ ਐਂਡ ਕਸ਼ਮੀਰ, ਮੁਜਾਹੀਦੀਨ ਗਜਵਾਤ-ਉਲ-ਹਿੰਦ, ਜੰਮੂ ਐਂਡ ਕਸ਼ਮੀਰ ਫ੍ਰੀਡਮ ਫਾਈਟਰਸ, ਕਸ਼ਮੀਰ ਟਾਈਗਰਜ਼, ਪੀਏਏਐੱਫ ਅਤੇ ਹੋਰ ਸ਼ਾਮਲ ਹਨ।