ਭਾਜਪਾ ਨੇਤਾ ਨੇ ਨਾਬਾਲਗ ਬੇਟੇ ਤੋਂ ਦਬਵਾਇਆ EVM ਦਾ ਬਟਨ, ਮਾਮਲਾ ਦਰਜ

ਭੋਪਾਲ – ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਇਕ ਭਾਜਪਾ ਨੇਤਾ ’ਤੇ ਕਥਿਤ ਤੌਰ ’ਤੇ ਆਪਣੇ ਨਾਬਾਲਗ ਬੇਟੇ ਨੂੰ 7 ਮਈ ਨੂੰ ਬੈਰਸੀਆ ਵਿਚ ਇਕ ਪੋਲਿੰਗ ਬੂਥ ਉੱਤੇ ਲੈ ਕੇ ਜਾਣ ਅਤੇ ਉਸ ਕੋਲੋਂ ਈ. ਵੀ. ਐੱਮ. ਦਾ ਬਟਨ ਦਬਵਾਉਣ ਅਤੇ ਇਕ ਪ੍ਰਕਿਰਿਆ ਦਾ ਵੀਡੀਓ ਬਣਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਨੋਟਿਸ ਲੈਂਦਿਆਂ ਭੋਪਾਲ ਦੇ ਜ਼ਿਲਾ ਮੈਜਿਸਟਰੇਟ ਕੌਸ਼ਲੇਂਦਰ ਵਿਕਰਮ ਸਿੰਘ ਨੇ ਪੋਲਿੰਗ ਸਟੇਸ਼ਨ (ਨੰਬਰ 71-ਖਿਤਵਾਸ) ਦੇ ਪੋਲਿੰਗ ਅਫ਼ਸਰ ਸੰਦੀਪ ਸੈਣੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਭਾਜਪਾ ਜ਼ਿਲਾ ਪੰਚਾਇਤ ਮੈਂਬਰ ਵਿਜੇ ਮੇਹਰ ਖ਼ਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਸਿੰਘ ਨੇ ‘ਐਕਸ’ ’ਤੇ ਇਕ ਸੰਦੇਸ਼ ’ਚ ਕਿਹਾ ਕਿ ਮੇਹਰ ਦੀ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।