ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਤੇ ਬਾਈਡੇਨ ਨੇੇ ਤੋੜੀ ਚੁੱਪੀ, ਕਿਹਾ-‘ਵਿਰੋਧ ਦਾ ਅਧਿਕਾਰ ਪਰ…’

ਵਾਸ਼ਿੰਗਟਨ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਕਾਲਜ ਕੈਂਪਸਾਂ ਵਿੱਚ ਵਿਦਿਆਰਥੀ ਇਜ਼ਰਾਈਲ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦਾ ਇਹ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਬਾਈਡੇਨ ਨੇ ਵਿਰੋਧ ਕਰਨ ਦੇ ਅਧਿਕਾਰ ਦਾ ਬਚਾਅ ਕੀਤਾ, ਪਰ ਇਹ ਵੀ ਕਿਹਾ ਕਿ ‘ਆਰਡਰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ’। ਉਨ੍ਹਾਂ ਕਿਹਾ, ”ਲੋਕਤੰਤਰ ਲਈ ਅਸਹਿਮਤੀ ਜ਼ਰੂਰੀ ਹੈ। ਪਰ ਅਸਹਿਮਤੀ ਜ਼ਾਹਰ ਕਰਦੇ ਹੋਏ ਕਦੇ ਵੀ ਅਰਾਜਕਤਾ ਨਹੀਂ ਹੋਣੀ ਚਾਹੀਦੀ।”
‘ਬੇਰਹਿਮੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ’
ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ‘ਚ ਕਿਹਾ ਕਿ ਸ਼ਾਂਤਮਈ ਅਸਹਿਮਤੀ ਲੋਕਤੰਤਰ ਦਾ ਅਹਿਮ ਹਿੱਸਾ ਹੈ ਪਰ ਬੇਰਹਿਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਇਦਾਦ ਨੂੰ ਤਬਾਹ ਕਰਨਾ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ, ਇਹ ਕਾਨੂੰਨ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਭੰਨਤੋੜ, ਘੁਸਪੈਠ, ਖਿੜਕੀਆਂ ਤੋੜਨਾ, ਕੈਂਪਸ ਬੰਦ ਕਰਨਾ, ਕਲਾਸਾਂ ਨੂੰ ਰੱਦ ਕਰਨ ਲਈ ਮਜਬੂਰ ਕਰਨਾ, ਇਨ੍ਹਾਂ ਵਿੱਚੋਂ ਕੋਈ ਵੀ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ।
ਪੁਲਸ ਨੇ ਕੀਤੀ ਕਾਰਵਾਈ
ਜ਼ਿਕਰਯੋਗ ਹੈ ਕਿ ਫਲਸਤੀਨ ਸਮਰਥਕ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਕੋਲੰਬੀਆ ਯੂਨੀਵਰਸਿਟੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਇਹ ਵਿਰੋਧ ਹੋਰ ਯੂਨੀਵਰਸਿਟੀਆਂ ਵਿੱਚ ਵੀ ਫੈਲ ਗਿਆ। ਪੁਲਸ ਨੇ ਵੀ ਧਰਨੇ ਨੂੰ ਲੈ ਕੇ ਕਾਰਵਾਈ ਕੀਤੀ ਹੈ। ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਿਰਫ਼ ਵਿਦਿਆਰਥੀ ਹੀ ਨਹੀਂ ਸਗੋਂ ਬਾਹਰੀ ਲੋਕ ਵੀ ਸ਼ਾਮਲ ਹਨ। ਪੁਲਸ ਨੇ ਕੋਲੰਬੀਆ ਵਿਚ ਯੂਨੀਵਰਸਿਟੀਆਂ ਤੋਂ ਲੈ ਕੇ ਹੋਟਲਾਂ ਅਤੇ ਹੋਰ ਥਾਵਾਂ ‘ਤੇ ਤੇਜ਼ੀ ਨਾਲ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਨਿਊਯਾਰਕ ਦੇ ਇੱਕ ਡਾਕਟਰ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਹ ਸਾਰੇ ਵਿਦਿਆਰਥੀ ਨਹੀਂ ਹਨ।
ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ
ਇਸ ਤੋਂ ਪਹਿਲਾਂ ਅਮਰੀਕਾ ਵਿੱਚ ਫਲਸਤੀਨ ਅਤੇ ਇਜ਼ਰਾਈਲ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋ ਚੁੱਕੀਆਂ ਹਨ। ਇਹ ਝੜਪ ਬੁੱਧਵਾਰ ਨੂੰ ਹੋਈ ਜਦੋਂ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਲਈ ਬੈਰੀਕੇਡ ਲਗਾਏ। ਇਜ਼ਰਾਈਲ ਪੱਖੀ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਇੱਕ ਦੂਜੇ ਨੂੰ ਧੱਕਾ ਦਿੱਤਾ, ਲੱਤਾਂ ਮਾਰੀਆਂ ਅਤੇ ਲਾਠੀਆਂ ਨਾਲ ਹਮਲਾ ਕੀਤਾ। ਗੌਰਤਲਬ ਹੈ ਕਿ ਇੱਕ ਪਾਸੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ, ਉਥੇ ਹੀ ਦੂਜੇ ਪਾਸੇ ਅਮਰੀਕਾ ਉਸਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖ ਰਿਹਾ ਹੈ।