ਪ੍ਰਧਾਨ ਮੰਤਰੀ ਮੋਦੀ ਧਰਮ ਦੇ ਆਧਾਰ ‘ਤੇ ਰਾਜਨੀਤੀ ਨਹੀਂ ਕਰਦੇ: ਰਾਜਨਾਥ ਸਿੰਘ

ਨੋਇਡਾ — ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਧਰਮ ਦੇ ਆਧਾਰ ‘ਤੇ ਜਾਂ ਸਮਾਜ ਨੂੰ ਵੰਡ ਕੇ ਰਾਜਨੀਤੀ ਨਹੀਂ ਕੀਤੀ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 2006 ਵਿੱਚ ਮੁਸਲਮਾਨਾਂ ਲਈ ਰਾਖਵੇਂਕਰਨ ਦੀ ਗੱਲ ਕੀਤੀ ਸੀ। ਸਿੰਘ ਨੇ ਇਹ ਟਿੱਪਣੀ ਗ੍ਰੇਟਰ ਨੋਇਡਾ ‘ਚ ਗੌਤਮ ਬੁੱਧ ਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਹੇਸ਼ ਸ਼ਰਮਾ ਦੇ ਸਮਰਥਨ ‘ਚ ਆਯੋਜਿਤ ਇਕ ਚੋਣ ਰੈਲੀ ‘ਚ ਕੀਤੀ।
ਸੀਨੀਅਰ ਭਾਜਪਾ ਨੇਤਾ ਨੇ ਕਿਹਾ, ”ਭੈਣਾਂ ਅਤੇ ਭਰਾਵੋ, ਅਜਿਹਾ ਨਹੀਂ ਹੈ ਕਿ ਮੈਂ ਪ੍ਰਧਾਨ ਮੰਤਰੀ ਨੂੰ ਅੱਜ ਤੋਂ ਜਾਣਦਾ ਹਾਂ। ਸਾਡੇ ਲੰਬੇ ਸਮੇਂ ਤੋਂ ਬਹੁਤ ਚੰਗੇ ਸਬੰਧ ਰਹੇ ਹਨ। ਉਨ੍ਹਾਂ ਕਦੇ ਹਿੰਦੂ, ਮੁਸਲਿਮ ਅਤੇ ਇਸਾਈ ਦੀ ਰਾਜਨੀਤੀ ਨਹੀਂ ਕੀਤੀ। ਸਾਡੇ ਪ੍ਰਧਾਨ ਮੰਤਰੀ ਨੇ ਸਮਾਜ ਨੂੰ ਵੰਡ ਕੇ ਰਾਜਨੀਤੀ ਕਰਨ ਬਾਰੇ ਕਦੇ ਨਹੀਂ ਸੋਚਿਆ।” ਸਿੰਘ ਨੇ ਸਵਾਲ ਕੀਤਾ, ”ਉਨ੍ਹਾਂ (ਮੋਦੀ) ਨੇ ਇਕ ਜਗ੍ਹਾ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਹੈ ਕਿ ਅਸੀਂ ਜਾਇਦਾਦਾਂ ਦਾ ਸਰਵੇਖਣ ਕਰਾਂਗੇ। ਜੇਕਰ ਚੋਣ ਮਨੋਰਥ ਪੱਤਰ ‘ਚ ਇਹ ਗੱਲ ਕਹੀ ਗਈ ਹੈ ਤਾਂ ਲੋਕਾਂ ਨੂੰ ਇਸ ‘ਤੇ ਕੋਈ ਇਤਰਾਜ਼ ਕਿਉਂ ਹੈ। ਜਾਇਦਾਦਾਂ ਦਾ ਸਰਵੇਖਣ ਕਰਵਾ ਕੇ ਤੁਸੀਂ (ਕਾਂਗਰਸ) ਕੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਦੇਸ਼ ਦੇ ਵਸੀਲਿਆਂ ਨੂੰ ਬਰਾਬਰ ਵੰਡਣਾ ਚਾਹੁੰਦੇ ਹੋ? ਤੁਸੀਂ ਕੀ ਕਰਨਾ ਚਾਹੁੰਦੇ ਹੋ?”
ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਜਸਥਾਨ ਦੇ ਬਾਂਸਵਾੜਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਅਤੇ ਜਾਇਦਾਦ ਨੂੰ ‘ਘੁਸਪੈਠੀਆਂ’ ਅਤੇ ‘ਜਿੰਨ੍ਹਾਂ ਦੇ ਜ਼ਿਆਦਾ ਬੱਚੇ ਹਨ’ ਨੂੰ ਦੇਣ ਦੀ ਯੋਜਨਾ ਬਣਾਈ ਹੈ। ਮੋਦੀ ਨੇ ਰੈਲੀ ‘ਚ ਕਿਹਾ ਸੀ ਕਿ ਜੇਕਰ ਕਾਂਗਰਸ ਕੇਂਦਰ ‘ਚ ਸੱਤਾ ‘ਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਜਾਇਦਾਦ ਲੈ ਕੇ ਮੁਸਲਮਾਨਾਂ ‘ਚ ਵੰਡ ਦੇਵੇਗੀ। ਮੋਦੀ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਉਸ ਬਿਆਨ ਦਾ ਹਵਾਲਾ ਦਿੰਦੇ ਹੋਏ ਕਹੀ, ਜਿਸ ‘ਚ ਉਨ੍ਹਾਂ ਕਥਿਤ ਤੌਰ ‘ਤੇ ਕਿਹਾ ਸੀ ਕਿ ਦੇਸ਼ ਦੇ ਸੰਸਾਧਨਾਂ ‘ਤੇ ਘੱਟ ਗਿਣਤੀ ਭਾਈਚਾਰੇ ਦਾ ‘ਪਹਿਲਾ ਅਧਿਕਾਰ’ ਹੈ।