ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1531

ਪ੍ਰਾਚੀਨ ਦੰਤਕਥਾਵਾਂ ਸਾਨੂੰ ਉਨ੍ਹਾਂ ਦੇਵੀਆਂ ਅਤੇ ਦੇਵਤਿਆਂ ਬਾਰੇ ਦੱਸਦੀਆਂ ਹਨ ਜੋ ਧਰਤੀ ‘ਤੇ ਆ ਕੇ ਮਨੁੱਖੀ ਰੂਪ ਧਾਰਣ ਕਰ ਲੈਂਦੇ ਹਨ। ਪਰ ਕੀ ਉਹ ਕਹਾਣੀਆਂ, ਦਰਅਸਲ, ਸਾਡੇ ਸਾਰਿਆਂ ਦਾ ਹੀ ਵਰਣਨ ਨਹੀਂ ਕਰਦੀਆਂ? ਤੁਸੀਂ ਅਤੇ ਮੈਂ ਫ਼ਿਰ ਕੀ ਹਾਂ, ਜੇ ਅਸੀਂ ਓਹੀ ਬ੍ਰਹਮ ਜੀਵ ਨਹੀਂ ਜਿਨ੍ਹਾਂ ਨੇ ਧਰਤੀ ਗ੍ਰਹਿ ‘ਤੇ ਲੋਕਾਂ ਦੇ ਰੂਪ ‘ਚ ਅਸਥਾਈ ਰੂਪ ਧਾਰਣ ਕੀਤਾ ਹੋਇਐ, ਅਤੇ ਜਿਹੜੇ ਇੱਕ ਦਿਨ ਵਾਪਿਸ ਆਪਣੀ ਸਵਰਗੀ ਸਲਤਨਤ ਵੱਲ ਚਾਲੇ ਪਾ ਦੇਣਗੇ? ਅਤੇ ਜੇਕਰ, ਜੋ ਕਿ ਨਿਸ਼ਚਿਤ ਤੌਰ ‘ਤੇ ਸੱਚ ਹੈ, ਅਸੀਂ ਦੇਵੀ-ਦੇਵਤੇ ਹਾਂ ਤਾਂ ਅਸੀਂ ਕਿਉਂ ਇਸ ਗੱਲ ਨੂੰ ਇੱਕ ਦੂਸਰੇ ‘ਚ ਸਿਆਣਦੇ ਅਤੇ ਸਤਿਕਾਰਦੇ ਨਹੀਂ? ਤੁਹਾਨੂੰ ਇਸ ਵੇਲੇ ਉਹ ਪ੍ਰਸ਼ੰਸਾ ਨਹੀਂ ਮਿਲ ਰਹੀ ਜਿਸ ਦੇ ਤੁਸੀਂ ਹੱਕਦਾਰ ਹੋ। ਪਰ ਇਹ, ਘੱਟੋ ਘੱਟ ਇੱਕ ਪੱਖੋਂ, ਤੁਹਾਡੀ ਬਿਹਤਰੀ ਲਈ ਬਦਲਣ ਵਾਲਾ ਹੈ। ਅਤੇ ਇਹ ਤਬਦੀਲੀ ਦਾ ਸਮਾਂ ਵੀ ਹੈ!
ਆਪਣੀ ਸਾਰੀ ਸੂਝ-ਬੂਝ ਅਤੇ ਪ੍ਰਗਤੀ ਦੇ ਬਾਵਜੂਦ, ਅਸੀਂ ਜੋ ਕੁਝ ਚਾਹੁੰਦੇ ਹਾਂ ਉਹ ਹੈ ਥੋੜ੍ਹਾ ਪਿਆਰ, ਨਿੱਘ, ਸਮਰਥਨ ਅਤੇ ਮਨੋਰੰਜਨ। ਅਸੀਂ ਇਨ੍ਹਾਂ ਲੋੜਾਂ ਲਈ ਅਜੀਬੋ-ਗਰੀਬ ਮਖੌਟੇ ਤਿਆਰ ਕਰਦੇ ਹਾਂ, ਅਤੇ ਅਸੀਂ ਕੀ ਸਵੀਕਾਰ ਕਰਾਂਗੇ ਜਾਂ ਨਹੀਂ, ਇਸ ਬਾਰੇ ਕੁਝ ਸ਼ਰਤਾਂ ਵੀ ਰੱਖਦੇ ਹਾਂ। ਫ਼ਿਰ ਅਸੀਂ ਸੋਚਦੇ ਹਾਂ ਕਿ ਅਸੀਂ ਅਧੂਰੇ ਕਿਉਂ ਮਹਿਸੂਸ ਕਰ ਰਹੇ ਹਾਂ। ਤੁਸੀਂ ਕੀ ਕਰਦੇ ਹੋ ਅਤੇ ਕੀ ਨਹੀਂ ਚਾਹੁੰਦੇ ਕਿ ਵਾਪਰੇ ਜਾਂ ਕੌਣ ਤੁਹਾਡੀ ਮਦਦ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਇਸ ਬਾਰੇ ਆਪਣੇ ਖ਼ਿਆਲਾਤ ਨੂੰ ਬਹੁਤ ਜ਼ਿਆਦਾ ਜਟਿਲ ਨਾ ਕਰੋ। ਜਿਹੜੀ ਖ਼ੁਸ਼ੀ ਤੁਸੀਂ ਭਾਲ ਰਹੇ ਹੋ ਉਸ ਨੂੰ ਲੱਭਣ ਦਾ ਇੱਕ ਤਰੀਕਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਤਰੀਕਾ ਉਂਝ ਦਾ ਹੀ ਹੋਵੇ ਜਿਵੇਂ ਤੁਸੀਂ ਸੋਚਦੇ ਹੋ।
ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਿਆਸਤਦਾਨ ਬਹੁਤ ਜ਼ਿਆਦਾ ਮਿਲਣਸਾਰ ਅਤੇ ਜਵਾਬਦੇਹ ਬਣ ਜਾਂਦੇ ਹਨ। ਉਨ੍ਹਾਂ ਦੇ ਵਿਚਾਰ ਭਾਵੇਂ ਕਿੰਨੇ ਵੀ ਸਖ਼ਤ ਕਿਉਂ ਨਾ ਹੋਣ, ਉਹ ਅਚਾਨਕ ਦੂਸਰਿਆਂ ਦੇ ਵਿਚਾਰਾਂ ਨੂੰ ਸੁਣਨ ਲਈ ਤਿਆਰ ਹੋ ਜਾਂਦੇ ਹਨ। ਜਦੋਂ ਅਸੀਂ ਆਪਣੇ ਹਾਲਾਤ ‘ਚ ਆਉਣ ਵਾਲੀ ਕਿਸੇ ਤਬਦੀਲੀ ਨੂੰ ਮਹਿਸੂਸ ਕਰਦੇ ਹਾਂ ਤਾਂ ਅਸੀਂ ਸਾਰੇ ਹੀ ਗੱਲਬਾਤ ‘ਚ ਵਧੇਰੇ ਦਿਲਚਸਪੀ ਦਿਖਾਉਂਦੇ ਹਾਂ। ਹੋ ਸਕਦਾ ਹੈ ਕਿ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਖ਼ੁਸ਼ ਨਾ ਹੋਵੋ ਕਿ ਤੁਹਾਡੀ ਦੁਨੀਆਂ ‘ਚ ਕੀ ਬਦਲਣਾ ਸ਼ੁਰੂ ਹੋ ਰਿਹਾ ਹੈ, ਪਰ ਤੁਹਾਨੂੰ ਉਸ ਨੂੰ ਇੱਕ ਅਜਿਹੀ ਸਥਿਤੀ ਦੇ ਰੂਪ ‘ਚ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਤੁਹਾਡੇ ਲਈ ਸੌਦੇਬਾਜ਼ੀ ਦਾ ਇੱਕ ਮੌਕਾ ਲਿਆਈ ਹੈ। ਜੋ ਤੁਹਾਡੇ ਲਈ ਬਦਲ ਰਿਹਾ ਹੈ ਉਹ ਕਿਸੇ ਹੋਰ ਲਈ ਵੀ ਬਦਲ ਰਿਹਾ ਹੈ।
ਹਰ ਸਿੱਕੇ ਦੇ, ਉਹ ਸਾਨੂੰ ਦੱਸਦੇ ਹਨ, ਦੋ ਪਾਸੇ ਹੁੰਦੇ ਨੇ। ਇੱਕ ਹੈੱਡਜ਼ ਅਤੇ ਦੂਸਰਾ ਟੇਲਜ਼। ਪਰ ਉਸ ਸਿੱਕੇ ਬਾਰੇ ਕੀ ਕਹੋਗੇ ਜਿਸ ਦੇ ਦੋਹਾਂ ਪਾਸਿਆਂ ‘ਤੇ ਹੈੱਡਜ਼ ਦਾ ਚਿੰਨ੍ਹ ਉਕਰਿਆ ਹੋਵੇ? ਇੰਝ ਜਾਪਦੈ ਕਿ ਤੁਸੀਂ ਕਿਸੇ ਸਵਾਲ ਨੂੰ ਜਿਵੇਂ ਮਰਜ਼ੀ ਪੁੱਛ ਲਵੋ, ਅੱਪੜਨਾ ਤੁਸੀਂ ਮੁੜ-ਘਿੜ ਉਸੇ ਇੱਕੋ ਸਿੱਟੇ ‘ਤੇ ਹੈ। ਤੁਸੀਂ ਮਹਿਸੂਸ ਕਰ ਰਹੇ ਹੋ ਜਿਵੇਂ ਅੱਗੇ ਵਧਣ ਦਾ ਕੇਵਲ ਇੱਕ ਹੀ ਰਸਤਾ ਹੈ – ਜਿਵੇਂ ਤੁਹਾਡੇ ਕੋਲ ਕੋਈ ਹੋਰ ਚੋਣ ਮੌਜੂਦ ਨਹੀਂ। ਫ਼ਿਰ ਵੀ ਤੁਸੀਂ ਇਹ ਮਹਿਸੂਸ ਕਰਨਾ ਪਸੰਦ ਕਰੋਗੇ ਕਿ ਘਟੋ-ਘੱਟ ਤੁਹਾਡੇ ਲਈ ਇੱਕ ਹੋਰ ਵਿਕਲਪ ਖੁੱਲ੍ਹਾ ਸੀ। ਜਿਵੇਂ ਹੁਣ ਇਹ ਸਾਹਮਣੇ ਆ ਰਹੀ ਹੈ, ਤੁਸੀਂ ਕਹਾਣੀ ਦੇ ਪੂਰੀ ਤਰ੍ਹਾਂ ਮਤਵਾਲੇ ਨਹੀਂ ਹੋਏ। ਇਸ ਨੂੰ ਖ਼ੁਦ ਨੂੰ ਥੋੜ੍ਹਾ ਹੋਰ ਉਜਾਗਰ ਕਰਨ ਦਾ ਮੌਕਾ ਦਿਓ। ਤੁਸੀਂ ਇੱਕ ਵੱਖਰਾ ਦ੍ਰਿਸ਼ਟੀਕੋਣ ਦੇਖੋਗੇ, ਅਤੇ ਤੁਹਾਡਾ ਸਿੱਕਾ ਸਹੀ ਪਾਸੇ ‘ਤੇ ਡਿੱਗੇਗਾ!
ਜੇਕਰ ਤੁਸੀਂ ਉਸ ਜਵਾਬ ਨੂੰ ਸਮਝਣ ‘ਚ ਅਸਮਰਥ ਹੋ ਜਿਹੜਾ ਕੋਈ ਤੁਹਾਨੂੰ ਇਸ ਵਕਤ ਦੇ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਗ਼ਲਤ ਕਿਸਮ ਦਾ ਸਵਾਲ ਪੁੱਛ ਰਹੇ ਹੋਵੋ। ਕਿਸੇ ਚੀਜ਼ ਨੂੰ ਪਸੰਦ ਨਾ ਕਰਨ ਅਤੇ ਸਮਝ ਨਾ ਸਕਣ ‘ਚ ਬਹੁਤ ਫ਼ਰਕ ਹੈ। ਜੇਕਰ ਤੁਸੀਂ ਕਿਸੇ ਸਥਿਤੀ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਉਸ ਲਈ ਕੇਵਲ ਇੱਕ ਵਿਆਖਿਆ ਦੀ ਖੋਜ ਕਰਨ ਦੀ ਲੋੜ ਹੈ, ਅਤੇ ਅੰਤ ‘ਚ ਤੁਹਾਨੂੰ ਉਹ ਪ੍ਰਾਪਤ ਵੀ ਹੋ ਜਾਵੇਗੀ। ਪਰ ਜੇ ਤੁਸੀਂ ਉਲਝੇ ਹੋਏ ਹੋਣ ਨਾਲੋਂ ਵੱਧ ਨਿਰਾਸ਼ ਹੋ ਤਾਂ ਫ਼ਿਰ ਇਹ ਇੱਕ ਵੱਖਰਾ ਹੀ ਮਾਮਲਾ ਹੈ। ਪਹਿਲਾਂ, ਆਪਣੀ ਨਿਰਾਸ਼ਾ ਨੂੰ ਭੁੱਲ ਜਾਓ। ਜੋ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਉਸ ਬਾਰੇ ਠੀਕ ਮਹਿਸੂਸ ਕਰਨ ਲਈ ਆਪਣੇ ਆਪ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰੋ। ਇਹ ਤੁਹਾਡੀ ਕਲਪਨਾ ਤੋਂ ਕਿਤੇ ਵੱਧ ਸੌਖਾ ਹੋ ਸਕਦੈ।