ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1530

ਇੱਕ ਵਾਰ, ਹਵਾ ਅਤੇ ਸੂਰਜ ਨੇ ਇੱਕ ਦੂਸਰੇ ਨੂੰ ਮੁਕਾਬਲੇ ਲਈ ਵੰਗਾਰ ਦਿੱਤੀ। ਉਨ੍ਹਾਂ ਨੇ ਇੱਕ ਵਿਅਕਤੀ ਨੂੰ ਇੱਕ ਭਾਰੀ ਭਰਕਮ ਓਵਰਕੋਟ ਪਹਿਨੇ ਹੋਏ ਸੜਕ ‘ਤੇ ਤੁਰੇ ਜਾਂਦੇ ਦੇਖਿਆ। ਜੇਤੂ, ਉਨ੍ਹਾਂ ਨੇ ਫ਼ੈਸਲਾ ਕੀਤਾ, ਉਹ ਮੰਨਿਆ ਜਾਵੇਗਾ ਜਿਹੜਾ ਉਸ ਵਿਅਕਤੀ ਨੂੰ ਆਪਣਾ ਕੋਟ ਉਤਾਰਣ ਲਈ ਪਹਿਲਾਂ ਮਜਬੂਰ ਕਰਨ ‘ਚ ਸਫ਼ਲ ਹੋ ਜਾਵੇਗਾ। ਪਹਿਲਾਂ ਹਵਾ ਦੀ ਵਾਰੀ ਸੀ, ਉਹ ਵੱਗੀ ਅਤੇ ਬਹੁਤ ਤੇਜ਼ ਵੱਗੀ, ਪਰ ਉਸ ਵਿਅਕਤੀ ਨੇ ਆਪਣੇ ਕੋਟ ਨੂੰ ਹੋਰ ਘੱਟ ਕੇ ਫ਼ੜ ਲਿਆ। ਫ਼ਿਰ ਸੂਰਜ ਚਮਕਣ ਲੱਗਾ। ਪਲਾਂ ‘ਚ ਹੀ ਕੋਟ ਉਤਰ ਗਿਆ! ਆਸਮਾਨ ਇਸ ਵਕਤ ਤੁਹਾਨੂੰ ਸੂਰਜ ਬਣਨ ਦੀ ਤਾਕੀਦ ਕਰ ਰਿਹਾ ਹੈ ਨਾ ਕਿ ਹਵਾ। ਫ਼ੌਰਨ ਕੋਈ ਵੀ ਕਾਰਵਾਈ ਨਾ ਕਰੋ। ਬਸ ਮੁਸਕਰਾਓ ਅਤੇ ਆਪਣੇ ਕੁਦਰਤੀ ਨਿੱਘ ਨੂੰ ਰੁਕਾਵਟਾਂ ਨੂੰ ਦੂਰ ਕਰਨ ਦਾ ਮੌਕਾ ਦਿਓ।
ਕਹਿੰਦੇ ਨੇ ਕਿ ਜਦੋਂ ਤੁਸੀਂ ਅੱਗੇ ਹੋਵੋ, ਓਹੀ ਉਹ ਵੇਲਾ ਹੁੰਦਾ ਹੈ ਜਦੋਂ ਤੁਸੀਂ ਰੇਸ ਛੱਡਣ ਦਾ ਫ਼ੈਸਲਾ ਕਰ ਸਕਦੇ ਹੋ। ਪਰ ਤੁਸੀਂ ਇਹ ਕਿਵੇਂ ਦੱਸ ਸਕਦੇ ਹੋ ਕਿ ਤੁਸੀਂ ਅੱਗੇ ਹੋ ਵੀ ਜਾਂ ਨਹੀਂ? ਕਦੇ-ਕਦੇ, ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੁੰਦਾ ਹੈ ਕਿ ਅਸੀਂ ਜਿੱਤ ਰਹੇ ਹਾਂ, ਪਰ ਕੇਵਲ ਇਹ ਹੈਰਾਨਜਨਕ ਜਾਣਕਾਰੀ ਹਾਸਿਲ ਕਰਨ ਲਈ, ਕਿ ਅਸੀਂ ਦਰਅਸਲ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਹਾਂ। ਅਤੇ ਕਦੇ-ਕਦੇ, ਅਸੀਂ ਖ਼ੁਦ ਦੀਆਂ ਪ੍ਰਾਪਤੀਆਂ ਨੂੰ ਹੀ ਖ਼ਾਰਿਜ ਕਰ ਦਿੰਦੇ ਹਾਂ। ਸਿਰਫ਼ ਪਿੱਛਲਝਾਤ ਤੋਂ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੀਆਂ ਮੁਸ਼ਕਿਲਾਂ ਨਾਲ ਕਿੰਨੀ ਚੰਗੀ ਤਰ੍ਹਾਂ ਨਜਿੱਠ ਰਹੇ ਸੀ। ਜੇ ਤੁਸੀਂ ਪੂਰੀ ਤਰ੍ਹਾਂ ਨਿਸ਼ਚਿਤ ਹੋ ਕਿ ਤੁਸੀਂ ਆਪਣੀ ਖੇਡ ‘ਚ ਅੱਗੇ ਹੋ ਤਾਂ ਬੇਝਿਜਕ ਮੁਕਾਬਲੇ ‘ਚੋਂ ਬਾਹਰ ਨਿਕਲਣ ਬਾਰੇ ਵਿਚਾਰੋ। ਨਹੀਂ ਤਾਂ, ਹਾਰ ਮੰਨਣ ਦੀ ਜਲਦਬਾਜ਼ੀ ਨਾ ਕਰੋ।
ਚੀਜ਼ਾਂ ਜਿਵੇਂ ਉਹ ਹਨ, ਉਹ ਉਸ ਤਰ੍ਹਾਂ ਕਿਓਂ ਹਨ? ਉਹ ਇੰਝ ਦੀਆਂ ਬਣੀਆਂ ਕਿਵੇਂ? ਕੀ ਉਹ ਵੱਖਰੀਆਂ ਨਹੀਂ ਸਨ ਹੋਣੀਆਂ ਚਾਹੀਦੀਆਂ? ਤੁਹਾਡੇ ਕੋਲ ਤਬਦੀਲੀ ਪੈਦਾ ਕਰਨ ਦੀ ਸ਼ਕਤੀ ਅਤੇ ਮੌਕਾ ਦੋਹੇਂ ਹਨ। ਜ਼ਿੰਦਗੀ ਹੁਣ ਤੁਹਾਨੂੰ ਨਵੀਆਂ ਚੀਜ਼ਾਂ ਕਰਨ ਦੀ ਇਜਾਜ਼ਤ ਦੇ ਰਹੀ ਹੈ, ਪਰ ਇਸ ਤੋਂ ਪਹਿਲਾਂ ਕਿ ਤੁਸੀਂ ਸਭ ਕੁਝ ਬਦਲ ਦਿਓ, ਤੁਹਾਨੂੰ ਇਸ ਬਾਰੇ ਥੋੜ੍ਹਾ ਜ਼ੋਰ ਦੇ ਕੇ ਸੋਚਣਾ ਚਾਹੀਦਾ ਹੈ ਕਿ ਪੁਰਾਣੇ ਵਿੱਚ ਆਖ਼ਿਰ ਗ਼ਲਤ ਕੀ ਸੀ। ਪਹਿਲਾਂ ਤੋਂ ਮੌਜੂਦ ਕਿਸੇ ਚੀਜ਼ ‘ਚ ਨੁਕਸ ਲੱਭਣਾ ਹਮੇਸ਼ਾ ਆਸਾਨ ਹੁੰਦਾ ਹੈ। ਜੇਕਰ ਕਿਸੇ ਖ਼ਾਸ ਖ਼ਿਆਲ ਦੀ ਬਹੁਤੀ ਪੁਣਛਾਣ ਨਾ ਕੀਤੀ ਗਈ ਹੋਵੇ ਤਾਂ ਇਹ ਕਲਪਨਾ ਕਰਨਾ ਸੌਖਾ ਹੁੰਦਾ ਹੈ ਕਿ ਉਹ ਇੱਕ ਸੰਪੂਰਨ ਹੱਲ ਪੇਸ਼ ਕਰਦਾ ਹੈ। ਤੁਹਾਡੇ ਕੋਲ ਜੋ ਪਹਿਲਾਂ ਤੋਂ ਮੌਜੂਦ ਹੈ ਉਸ ‘ਚੋਂ ਕੁਝ ਵਾਕਈ ਰੱਖਣ ਯੋਗ ਹੈ।
ਅਧਿਆਪਕ, ਭਾਵੇਂ ਕਿੰਨਾ ਵੀ ਪਿਆਰ ਕਰਨ ਵਾਲੇ, ਦੇਖਭਾਲ ਕਰਨ ਵਾਲੇ ਅਤੇ ਮਦਦ ਕਰਨ ਲਈ ਉਤਸੁਕ ਕਿਓਂ ਨਾ ਹੋਣ, ਉਨ੍ਹਾਂ ਕੋਲ ਸੰਭਾਲਣ ਲਈ ਇੱਕ ਪੂਰੀ ਕਲਾਸ ਹੁੰਦੀ ਹੈ। ਜੇਕਰ ਉਹ ਇੱਕ ਬੱਚੇ ਨੂੰ ਵੀ ਲਾਈਨ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੰਦੇ ਹਨ ਤਾਂ ਬਾਕੀ ਦੇ ਵਿਦਿਆਰਥੀ ਵੀ ਜਲਦੀ ਹੀ ਉਸੇ ਦਾ ਪਾਲਣ ਕਰਨਗੇ। ਇਸ ਲਈ ਬੱਚਿਆਂ ਦੇ ਤੌਰ ‘ਤੇ, ਸਾਨੂੰ ਸਾਰਿਆਂ ਨੂੰ ਦੂਜਿਆਂ ਵਾਂਗ ਵਿਵਹਾਰ ਕਰਨ ਲਈ ਅਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ। ਕੋਈ ਹੈਰਾਨੀ ਨਹੀਂ ਕਿ ਕਈ ਵਾਰ ਸਾਡੇ ‘ਚੋਂ ਕੁਝ ਅਧਿਕਾਰ ਅਤੇ ਅਧਿਕਾਰੀਆਂ ਦੇ ਸਾਏ ਹੇਠ ਵੱਡੇ ਹੁੰਦੇ ਹਨ। ਅਸੀਂ ਕਈ ਵਾਰ ਆਪਣੇ ਭਾਵਨਾਤਮਕ ਜੀਵਨ ‘ਚ ਵੀ ਹਿਦਾਇਤਾਂ ਦੀ ਪਾਲਣਾ ਕਰਨ ‘ਚ ਬਹੁਤ ਜਲਦਬਾਜ਼ੀ ਕਰਦੇ ਹਾਂ, ਭਾਵੇਂ ਸਾਨੂੰ ਇਹ ਪਤਾ ਵੀ ਕਿਓਂ ਨਾ ਹੋਵੇ ਕਿ ਸਾਨੂੰ ਅਸਲ ‘ਚ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਡੇ ਲਈ ਥੋੜ੍ਹਾ ਜਿਹਾ ਬਾਗ਼ੀ ਹੋਣਾ ਸਿਹਤਮੰਦ, ਅਕਲਮੰਦ ਅਤੇ ਸੰਭਾਵੀ ਤੌਰ ‘ਤੇ ਲਾਭਦਾਇਕ ਹੈ।
ਕੀ ਮੈਂ ਤੁਹਾਨੂੰ ਚੱਕਰ ‘ਚ ਪਾਉਣ ਵਾਲਾ ਇੱਕ ਸਵਾਲ ਪੁੱਛ ਸਕਦਾਂ? ਕੀ ਤੁਸੀਂ ਚਮਤਕਾਰ ਦਿਖਾਉਣ ਵਾਲੀ ਕੋਈ ਆਤਮਾ ਹੋ ਜਾਂ ਕੇਵਲ ਇੱਕ ਨਾਸ਼ਵਾਨ ਪ੍ਰਾਣੀ? ਇਸ ਦਾ ਇੱਕ ਹੀ ਸਹੀ ਜਵਾਬ ਹੈ। ਤੁਸੀਂ ਦੋਵੇਂ ਹੋ। ਇਸ ਬਾਰੇ ਕਿਸੇ ਕਿਸਮ ਦੇ ਕਿੰਤੂ-ਪ੍ਰੰਤੂ ਦੀ ਕੋਈ ਗੁੰਜਾਇਸ਼ ਹੀ ਨਹੀਂ। ਤੁਹਾਡੀਆਂ ਸ਼ਕਤੀਆਂ ਦੀਆਂ ਨਿਰਸੰਦੇਹ ਕੁਝ ਸੀਮਾਵਾਂ ਹਨ, ਪਰ ਉਹ ਸੀਮਾਵਾਂ ਜ਼ਰੂਰੀ ਤੌਰ ‘ਤੇ ਉੱਥੇ ਨਹੀਂ ਜਿੱਥੇ ਤੁਸੀਂ ਸੋਚਦੇ ਹੋ। ਤੁਸੀਂ ਸ਼ਾਇਦ ਓਨਾ ਪ੍ਰਾਪਤ ਨਾ ਕਰ ਸਕੋ ਜਿੰਨਾ ਤੁਸੀਂ ਚਾਹੁੰਦੇ ਹੋ, ਪਰ ਫ਼ਿਰ ਵੀ ਤੁਸੀਂ ਆਪਣੀ ਸੋਚ ਤੋਂ ਬਹੁਤ ਜ਼ਿਆਦਾ ਹਾਸਿਲ ਕਰ ਸਕਦੇ ਹੋ। ਇਸ ਗੱਲ ਨੂੰ ਸਮਝੋ, ਅਤੇ ਫ਼ਿਰ ਉਸ ਸਥਿਤੀ ਨੂੰ ਦੁਬਾਰਾ ਵਿਚਾਰੋ ਜਿਸ ਸਨਮੁੱਖ ਤੁਸੀਂ ਇੰਨਾ ਜ਼ਿਆਦਾ ਹਤਾਸ਼ ਮਹਿਸੂਸ ਕਰ ਰਹੇ ਹੋ। ਉਹ ਤੁਹਾਨੂੰ ਬਹੁਤ ਵੱਡੀ ਜਾਪਦੀ ਹੋ ਸਕਦੀ ਹੈ, ਪਰ ਤੁਸੀਂ ਉਸ ਤੋਂ ਕਿਤੇ ਜ਼ਿਆਦਾ ਵੱਡੇ ਹੋ।