ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਰੁੱਝੀ ਹੋਈ ਹੈ। ਉਸ ਦੇ ਪ੍ਰਸ਼ੰਸਕ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਆਪਣੀ ਆਉਣ ਵਾਲੀ ਇਸ ਫ਼ਿਲਮ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ। ਉਹ ਇਸ ‘ਚ ਆਰ. ਮਾਧਵਨ ਨਾਲ ਕੰਮ ਕਰਨ ਜਾ ਰਹੀ ਹੈ।
ਅਦਾਕਾਰਾ ਨੇ ਖ਼ੁਦ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ। ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਮਾਧਵਨ ਨਾਲ ਨਜ਼ਰ ਆ ਰਹੀ ਹੈ। ਇਸ ਫ਼ੋਟੋ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ”ਮੈਂ ਇੱਕ ਹੋਰ ਸ਼ਾਨਦਾਰ ਸਕ੍ਰਿਪਟ ਲਈ ਆਪਣੇ ਪਸੰਦੀਦਾ ਆਰ. ਮਾਧਵਨ ਦੇ ਨਾਲ ਵਾਪਿਸ ਆਈ ਹਾਂ।” ਉਸ ਤੋਂ ਬਾਅਦ ਉਸ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਆਪਣੀ ਆਗਾਮੀ ਫ਼ਿਲਮ ਦੀ ਸਕ੍ਰਿਪਟ ਪੜ੍ਹਨ ਲਈ ਟੀਮ ਨਾਲ ਬੈਠੀ ਨਜ਼ਰ ਆ ਰਹੀ ਹੈ। ਇਸ ਫ਼ੋਟੋ ਦੇ ਕੈਪਸ਼ਨ ‘ਚ ਅਦਾਕਾਰਾ ਨੇ ਲਿਖਿਆ, ”ਕਿੰਨੀ ਸ਼ਾਨਦਾਰ ਟੀਮ ਹੈ।” ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਅਤੇ ਆਰ. ਮਾਧਵਨ ਇਸ ਤੋਂ ਪਹਿਲਾਂ ਤਨੂ ਵੈੱਡਜ਼ ਮਨੂ ਅਤੇ ਇਸ ਦੇ ਸੀਕਵਲ ਤਨੂ ਵੈੱਡਜ਼ ਮਨੂ ਰੀਟਰਨਜ਼ ‘ਚ ਵੀ ਇਕੱਠੇ ਕੰਮ ਕਰ ਚੁੱਕੇ ਹਨ।
ਕੰਗਨਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਤੇਜਸ ‘ਚ ਨਜ਼ਰ ਆਈ ਸੀ, ਪਰ ਉਸ ਦੀ ਇਹ ਫ਼ਿਲਮ ਬੌਕਸ ਆਫ਼ਿਸ ‘ਤੇ ਫ਼ਲੌਪ ਸਾਬਿਤ ਹੋਈ ਸੀ। ਹੁਣ ਕੰਗਨਾ ਆਪਣੀ ਅਗਲੀ ਫ਼ਿਲਮ ਐਮਰਜੈਂਸੀ ਦੀ ਰੀਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਹ ਫ਼ਿਲਮ ਇੱਕ ਸਿਆਸੀ ਡਰਾਮਾ ਹੈ। ਫ਼ਿਲਮ ‘ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇੰਨਾ ਹੀ ਨਹੀਂ, ਕੰਗਨਾ ਐਕਟਿੰਗ ਦੇ ਨਾਲ-ਨਾਲ ਇਸ ਦਾ ਨਿਰਦੇਸ਼ਨ ਵੀ ਖ਼ੁਦ ਕਰ ਰਹੀ ਹੈ। ਫ਼ਿਲਮ ‘ਚ ਕੰਗਨਾ ਦੇ ਨਾਲ-ਨਾਲ ਸ਼੍ਰੇਅਸ ਤਲਪੜੇ, ਅਨੁਪਮ ਖੇਰ, ਮਹਿਮਾ ਚੌਧਰੀ ਅਤੇ ਪੁਪੁਲ ਜੈਕਰ ਵੀ ਨਜ਼ਰ ਆਉਣ ਵਾਲੇ ਹਨ।











