ਅਦਾਕਾਰਾ ਯਾਮੀ ਗੌਤਮ ਅਤੇ ਉਸ ਦੇ ਪਤੀ ਫ਼ਿਲਮ ਨਿਰਦੇਸ਼ਕ ਆਦਿਤਿਆ ਧਰ ਦੇ ਘਰ ਮਈ ਮਹੀਨੇ ਨੰਨ੍ਹਾ ਮਹਿਮਾਨ ਆਵੇਗਾ ਹੈ। ਆਦਿਤਿਆ ਅਤੇ ਯਾਮੀ ਨੇ ਆਪਣੀ ਆਗਾਮੀ ਫ਼ਿਲਮ ਆਰਟੀਕਲ 370 ਦਾ ਟਰੇਲਰ ਰਿਲੀਜ਼ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਆਦਿਤਿਆ ਨੇ ਇਸ ਫ਼ਿਲਮ ਨੂੰ ਇੱਕ ਫ਼ੈਮਿਲੀ ਅਫ਼ੇਅਰ ਦੱਸਦਿਆਂ ਕਿਹਾ, ”ਮੇਰਾ ਭਰਾ ਵੀ ਉੱਥੇ ਸੀ, ਮੇਰੀ ਪਤਨੀ ਵੀ ਉਥੇ ਸੀ ਅਤੇ ਛੇਤੀ ਹੀ ਇੱਕ ਨੰਨ੍ਹਾ ਮਹਿਮਾਨ ਵੀ ਸਾਡੇ ‘ਚ ਸ਼ਾਮਿਲ ਹੋਣ ਵਾਲਾ ਹੈ। ਜਿਵੇਂ ਹੀ ਇਹ ਫ਼ਿਲਮ ਬਣੀ ਅਤੇ ਸਾਨੂੰ ਬੱਚੇ ਦੇ ਆਉਣ ਦੀ ਖ਼ੁਸ਼ੀ ਪਤਾ ਲੱਗੀ, ਉਹ ਸਾਡੇ ਪਰਿਵਾਰ ਲਈ ਬਹੁਤ ਹੀ ਯਾਦਗਾਰੀ ਪਲ ਸਨ।”
ਯਾਮੀ ਨੇ ਸ਼ੂਟਿੰਗ ਦੌਰਾਨ ਹਰ ਵੇਲੇ ਸਾਥ ਦੇਣ ਲਈ ਆਪਣੇ ਪਤੀ ਦੀ ਸ਼ਲਾਘਾ ਕੀਤੀ। ਯਾਮੀ ਨੇ ਕਿਹਾ, ”ਮੈਨੂੰ ਨਹੀਂ ਪਤਾ ਜੇਕਰ ਆਦਿਤਿਆ, ਲੋਕੇਸ਼ ਵੀਰ (ਦਿਓਰ) ਅਤੇ ਹੋਰ ਸਾਰੇ ਮੇਰੇ ਨਾਲ ਨਾ ਹੁੰਦੇ ਤਾਂ ਮੈਂ ਕੀ ਕਰਦੀ।” ਜ਼ਿਕਰਯੋਗ ਹੈ ਕਿ ਆਦਿਤਿਆ ਅਤੇ ਯਾਮੀ ਦੀ ਮੁਲਾਕਾਤ 2019 ‘ਚ ਫ਼ਿਲਮ ਉੜੀ ਦੇ ਸੈੱਟ ‘ਤੇ ਹੋਈ ਸੀ, ਅਤੇ ਫ਼ਿਰ ਉਨ੍ਹਾਂ ਦੋਹਾਂ ਨੇ 2021 ‘ਚ ਵਿਆਹ ਕਰਵਾ ਲਿਆ। ਜਯੋਤੀ ਦੇਸ਼ਪਾਂਡੇ, ਆਦਿਤਿਆ ਅਤੇ ਲੋਕੇਸ਼ ਧਰ ਵਲੋਂ ਬਣਾਈ ਗਈ ਫ਼ਿਲਮ ਆਰਟੀਕਲ 370 ‘ਚ ਪ੍ਰਿਆਮਨੀ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਹ ਫ਼ਿਲਮ 23 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ। ਪ੍ਰਸ਼ੰਸਕਾਂ ਵਲੋਂ ਵੀ ਜੋੜੇ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ।











