ਭਾਰਤ U-19 ਵਿਸ਼ਵ ਕੱਪ ਦੇ ਫ਼ਾਈਨਲ ‘ਚ

ਸਰੀ: ਦੱਖਣੀ ਅਫ਼ਰੀਕਾ ‘ਚ ਖੇਡੇ ਜਾ ਰਹੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫ਼ਾਈਨਲ ਮੁਕਾਬਲੇ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੈ। ਦੱਖਣੀ ਅਫ਼ਰੀਕਾ ਦੇ ਵਿਲੋਮੂਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਇਹ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਜਿਸ ‘ਚ ਭਾਰਤ ਨੇ ਅੰਤ ‘ਚ ਬਾਜ਼ੀ ਮਾਰਨ ‘ਚ ਸਫ਼ਲਤਾ ਹਾਸਿਲ ਕੀਤੀ।
ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ‘ਤੇ ਅਫ਼ਰੀਕੀ ਬੱਲੇਬਾਜ਼ ਲੁਹਾਨ ਪ੍ਰੀਟੋਰੀਅਸ ਅਤੇ ਰਿਚਰਡ ਸੈਲੇਸਵਾਨ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ 50 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 244 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਜੁਐਨ ਜੇਮਜ਼ ਨੇ 24, ਟ੍ਰਿਸਟਨ ਲਸ ਨੇ 23 ਅਤੇ ਓਲਿਵਰ ਓਵਰਹੈੱਡ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਰਾਜ ਲਿੰਬਾਨੀ ਨੇ ਨੌਂ ਓਵਰਾਂ ‘ਚ 60 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦ ਕਿ ਮੁਸ਼ੀਰ ਖ਼ਾਨ ਨੇ ਦੋ ਅਤੇ ਨਮਨ ਤਿਵਾਰੀ ਅਤੇ ਸੌਮਿਆ ਪਾਂਡੇ ਨੇ 1-1 ਅਫ਼ਰੀਕੀ ਬੱਲੇਬਾਜ਼ ਨੂੰ ਆਊਟ ਕੀਤਾ।
245 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਹੀ ਖ਼ਰਾਬ ਰਹੀ ਅਤੇ ਭਾਰਤੀ ਓਪਨਰ ਆਦਰਸ਼ ਸਿੰਘ ਗੇਂਦਬਾਜ਼ ਕਵੇਨਾ ਮਫ਼ਾਕਾ ਵਲੋਂ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਕੀਪਰ ਹੱਥੋਂ ਕੈਚ ਆਊਟ ਹੋ ਗਿਆ। ਉਸ ਤੋਂ ਬਾਅਦ ਮੁਸ਼ੀਰ ਖ਼ਾਨ (4) ਅਤੇ ਅਰਸ਼ਿਨ ਕੁਲਕਰਨੀ (12) ਵੀ ਸਸਤੇ ‘ਚ ਪੈਵੇਲੀਅਨ ਪਰਤ ਗਏ।
ਭਾਰਤੀ ਕਪਤਾਨ ਉਦੈ ਸਹਾਰਨ ਨੇ ਕਪਤਾਨੀ ਪਾਰੀ ਖੇਡਦਿਆਂ 124 ਗੇਂਦਾਂ ‘ਚ 81 ਦੌੜਾਂ ਦੀ ਸੂਝਬੂਝ ਭਰੀ ਪਾਰੀ ਖੇਡੀ। ਸਚਿਨ ਦਾਸ ਨੇ ਉਸ ਦਾ ਚੰਗਾ ਸਾਥ ਦਿੱਤਾ ਅਤੇ 95 ਗੇਂਦਾਂ ‘ਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਨੂੰ ਟੀਚੇ ਦੇ ਨਜ਼ਦੀਕ ਪਹੁੰਚਾਇਆ। ਉਨ੍ਹਾਂ ਦੋਹਾਂ ਦੇ ਆਊਟ ਹੋਣ ਤੋਂ ਬਾਅਦ ਰਾਜ ਲਿੰਬਾਨੀ ਨੇ 13 ਦੌੜਾਂ ਬਣਾਈਆਂ ਅਤੇ ਜੇਤੂ ਸ਼ੌਟ ਲਗਾ ਕੇ ਭਾਰਤ ਨੂੰ ਅੱਠ ਵਿਕਟਾਂ ਗੁਆਉਣ ਤੋਂ ਬਾਅਦ 49ਵੇਂ ਓਵਰ ‘ਚ ਰੋਮਾਂਚਕ ਜਿੱਤ ਦਿਵਾ ਦਿੱਤੀ।
8 ਫ਼ਰਵਰੀ ਨੂੰ ਟੂਰਨਾਮੈਂਟ ਦਾ ਦੂਜਾ ਸੈਮੀਫ਼ਾਈਨਲ ਮੁਕਾਬਲਾ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਉਸ ਮੁਕਾਬਲੇ ਦੀ ਜੇਤੂ ਟੀਮ ਐਤਵਾਰ 11 ਫ਼ਰਵਰੀ ਨੂੰ ਭਾਰਤ ਨਾਲ ਖ਼ਿਤਾਬ ਲਈ ਫ਼ਾਈਨਲ ਮੁਕਾਬਲੇ ‘ਚ ਭਿੜੇਗੀ।