ਭਾਰਤ ਤੇ ਅਮਰੀਕਾ ‘ਕੁਦਰਤੀ ਭਾਈਵਾਲ’ : ਰਾਜਨਾਥ

ਨਵੀਂ ਦਿੱਲੀ – ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਣਾ ਫੌਜੀ ਦਬਦਬਾ ਵਧਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਲਮੀ ਚਿੰਤਾਵਾਂ ਦਰਮਿਅਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਭਾਰਤ ਅਤੇ ਅਮਰੀਕਾ ‘ਕੁਦਰਤੀ ਭਾਈਵਾਲ’ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨਾਲ ਨਿਯਮ ਅਧਾਰਿਤ ਵਿਸ਼ਵ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ।
ਭਾਰਤ ਅਮਰੀਕੀ ਕੰਪਨੀਆਂ ਲਈ ਰਿਸਕ ਘਟਾਉਣ ਵਾਲੀ ਮੰਜ਼ਿਲ ਹੋ ਸਕਦਾ ਹੈ ਅਤੇ ਇਹ ਦੇਸ਼ ਨਿਵੇਸ਼ ਦਾ ਚੰਗਾ ਰਿਟਰਨ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਪੂੰਜੀ ਅਤੇ ਤਕਨੀਕੀ ਜਾਣਕਾਰੀ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਵਿੱਚ ਮਦਦ ਕਰ ਸਕਦ ਹੈ। ਰੱਖਿਆ ਮੰਤਰੀ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ (ਆਈ.ਏ.ਸੀ.ਸੀ.) ਵਲੋਂ ਆਯੋਜਿਤ ‘ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ​​ਕਰਨ’ ਬਾਰੇ ਵਿਸ਼ੇ ’ਤੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਰਾਜਨਾਥ ਨੇ ਕਿਹਾ ਕਿ ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਹਮਾਸ ਟਕਰਾਅ ਦਾ ਭਾਰਤ ਦੇ ਰੱਖਿਆ ਖੇਤਰ ’ਤੇ ਬਹੁਤਾ ਪ੍ਰਭਾਵ ਨਹੀਂ ਪਿਆ। ਭਾਰਤ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਅਤੇ ‘ਬੁਰੀ ਨਜ਼ਰ’ ਨਾਲ ਲੜਨ ਦੇ ਸਮਰੱਥ ਇਕ ਮਜ਼ਬੂਤ ​​ਦੇਸ਼ ਬਣ ਗਿਆ ਹੈ।