ਅਸੀਂ ਸਾਰੇ ਖ਼ੁਦ ਨੂੰ ਵੱਡੇ ਲੋਕਾਂ ਵਜੋਂ ਦੇਖਿਆ ਜਾਣਾ ਪਸੰਦ ਕਰਦੇ ਹਾਂ, ਪਰ ਕਈ ਵਾਰ, ਸਾਨੂੰ ਆਪਣੇ ਆਪ ਨੂੰ ਛੋਟਾ ਹੋਣ ਦੇਣ ਦੀ ਲੋੜ ਹੁੰਦੀ ਹੈ। ਕਿਸੇ ਚੀਜ਼ ਜਾਂ ਕਿਸੇ ਦੇ ਅਦਬ ‘ਚ ਖੜ੍ਹੇ ਹੋਣਾ ਇੱਕ ਬਹੁਤ ਹੀ ਉਤਸ਼ਾਹਜਨਕ ਅਨੁਭਵ ਹੋ ਸਕਦਾ ਹੈ। ਇਸ ਗੱਲ ਦੀ ਸੱਚਾਈ ਤੁਹਾਨੂੰ ਜਲਦੀ ਪਤਾ ਲੱਗ ਜਾਵੇਗੀ। ਯਾਦ ਰੱਖੋ, ਸਿਰਫ਼ ਕਮਜ਼ੋਰ ਲੋਕ ਹੀ ਇਹ ਸਾਬਿਤ ਕਰਨ ਲਈ ਤਰਸਦੇ ਹਨ ਕਿ ਉਹ ਕਿੰਨੇ ਮਜ਼ਬੂਤ ??ਹਨ, ਸੱਚੇ ਸਾਨ੍ਹਾਂ ਨੂੰ ਅਸਥਾਈ ਤੌਰ ‘ਤੇ ਛੋਟੇ ਲੱਗਣ ਤੋਂ ਡਰਨ ਦੀ ਲੋੜ ਨਹੀਂ ਹੁੰਦੀ। ਆਪਣੇ ਆਪ ਨੂੰ ਥੋੜ੍ਹਾ ਜਿਹਾ ਸੁੰਗੜਨ ਦੀ ਇਜ਼ਾਜਤ ਦੇ ਕੇ, ਅਲੰਕਾਰਿਕ ਤੌਰ ‘ਤੇ, ਤੁਸੀਂ ਖ਼ੁਦ ਨੂੰ ਉਸ ਸ਼ਬਦ ਦੇ ਸਭ ਤੋਂ ਦਿਲਚਸਪ ਅਰਥਾਂ ‘ਚ ਵਧਣ-ਫ਼ੁੱਲਣ ਦੀ ਇਜਾਜ਼ਤ ਦੇ ਰਹੇ ਹੋ। ਵੱਡਾ ਸੋਚੋ ਨਾ। ਵੱਡੇ ਬਣੋ!
ਇੱਕ ਦਿਨ, ਰੋਬੌਟ ਘਰ-ਘਰ ‘ਚ ਹੋਣਗੇ। ਉਹ ਵੈਕਿਊਮ ਕਰਨਗੇ, ਪਕਵਾਨ ਬਣਾਉਣਗੇ, ਅਤੇ ਸ਼ਾਇਦ ਸ਼ਾਮ ਦਾ ਖਾਣਾ ਵੀ ਪਕਾਉਣਗੇ। ਤਾਂ ਕੀ ਅਸੀਂ ਘਰ ਦੇ ਸਾਰੇ ਕੰਮਾਂ ਨੂੰ ਓਦੋਂ ਤਕ ਟਾਲ ਦੇਈਏ ਜਦੋਂ ਤਕ ਸਾਨੂੰ ਅਜਿਹੇ ਰੋਬੌਟ ਮਿਲ ਨਹੀਂ ਜਾਂਦੇ? ਅਤੇ ਜੇਕਰ, ਇੱਕ ਦਿਨ, ਲੈਪਟੌਪਸ ‘ਚ ਸਾਡੇ ਸਾਥੀ ਬਣਨ ਦੀ ਕਾਬਲੀਅਤ ਆ ਹੀ ਜਾਣੀ ਹੈ ਤਾਂ ਫ਼ਿਰ ਦੋਸਤ ਬਣਾਉਣ ਦੀ ਚਿੰਤਾ ਕਿਉਂ ਕਰਨੀ? ਕਿਉਂ ਨਾ ਓਦੋਂ ਤਕ ਇੰਤਜ਼ਾਰ ਕਰੀਏ ਜਦੋਂ ਤਕ ਸਾਡੇ ਉਹ ਇਲੈਕਟ੍ਰੌਨਿਕ ਮਿੱਤਰ ਨਹੀਂ ਆ ਜਾਂਦੇ? ਜਿਸ ਅਸੰਪੂਰਣ ਸੰਸਾਰ ‘ਚ ਅਸੀਂ ਵਰਤਮਾਨ ‘ਚ ਵਿੱਚਰ ਰਹੇ ਹਾਂ, ਉੱਥੇ ਸਾਡੇ ਪਾਸ ਇੱਕ ਵਿਕਲਪ ਹੈ। ਬੈਠੇ ਰਹਿਣਾ ਅਤੇ ਸੁਪਨੇ ਬੁਣਨਾ ਜਾਂ ਉਸ ਨਾਲ ਹੀ ਕੁਝ ਕਰਨ ਦੀ ਕੋਸ਼ਿਸ਼ ਕਰਨੀ ਜੋ ਸਾਡੇ ਕੋਲ ਅਸਲ ‘ਚ ਮੌਜੂਦ ਹੈ ਜਾਂ ਸਾਨੂੰ ਉਪਲਬਧ ਹੈ। ਇਸ ਨੂੰ ਧਿਆਨ ‘ਚ ਰੱਖੋ ਕਿਉਂਕਿ ਤੁਸੀਂ ਹੁਣ ਆਪਣੇ ਭਾਵਨਾਤਮਕ ਵਿਕਲਪਾਂ ਬਾਰੇ ਵਿਚਾਰ ਕਰ ਰਹੇ ਹੋ।
ਜੋ ਉੱਪਰ ਨੂੰ ਜਾਂਦਾ ਹੈ, ਉਹ ਸਾਨੂੰ ਬਾਰ-ਬਾਰ ਦੱਸਦੇ ਹਨ, ਹੇਠਾਂ ਆਉਂਦਾ ਹੀ ਆਉਂਦਾ ਹੈ। ਤਾਂ ਕੀ ਇਸ ਸਿਧਾਂਤ ਅਨੁਸਾਰ ਫ਼ਿਰ ਜੋ ਸਹੀ ਹੁੰਦਾ ਹੈ, ਉਹ ਆਖ਼ਿਰਕਾਰ ਗ਼ਲਤ ਹੋ ਕੇ ਰਹਿੰਦਾ ਹੈ? ਜੇਕਰ ਨਹੀਂ, ਤਾਂ ਅਸੀਂ ਬੜੇ ਆਰਾਮ ਨਾਲ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਹ ਪੁਰਾਣੀ ਮਹਾਨ ਕਹਾਵਤ ਕੇਵਲ ਸਾਡੇ ਭੌਤਿਕ ਸੰਸਾਰ ਵਿਚਲੀ ਗੁਰਤਾਕਰਸ਼ਣ ਸ਼ਕਤੀ ਨਾਲ ਹੀ ਸਬੰਧਤ ਹੈ, ਅਤੇ ਇਹ ਖ਼ੁਦ-ਬ-ਖ਼ੁਦ ਅਮੂਰਤ ਕਾਰਕਾਂ ਜਿਵੇਂ ਕਿ ਮਨੁੱਖੀ ਮੂਡ – ਜਾਂ ਸਫ਼ਲਤਾਵਾਂ ‘ਤੇ ਲਾਗੂ ਨਹੀਂ ਹੁੰਦੀ। ਵਾਸਤਵ ਵਿੱਚ, ਜੇਕਰ ਅਸੀਂ ਇਸ ਅਖਾਣ ਦੇ ਵਿਆਪਕ ਅਰਥਾਂ ਨੂੰ ਵੀ ਇੱਥੇ ਥੋੜ੍ਹੀ ਜਗ੍ਹਾ ਦੇ ਦੇਈਏ ਅਤੇ ਇਹ ਮੰਨ ਲਈਏ ਕਿ ਹਰ ਫ਼ਾਇਦੇ ਪਿੱਛੇ ਕੁਝ ਨਾ ਕੁਝ ਨੁਕਸਾਨ ਝੱਲਣਾ ਹੀ ਪੈਂਦਾ ਹੈ ਤਾਂ ਵੀ ਸੱਚ ਇਹ ਹੈ ਕਿ, ਤੁਹਾਡੇ ਲਈ, ਚੀਜ਼ਾਂ ਉੱਪਰ ਨੂੰ ਜਾ ਰਹੀਆਂ ਹਨ – ਨਾ ਕਿ ਹੇਠਾਂ ਵੱਲ।
ਅੰਗ੍ਰੇਜ਼ੀ ਦਾ ਇੱਕ ਪੁਰਾਣਾ ਗੀਤ ਹੈ: Different strokes for different folks, ਭਾਵ ਵੱਖੋ-ਵੱਖ ਲੋਕਾਂ ਦੇ ਵੱਖੋ-ਵੱਖਰੇ ਢੰਗ ਹੁੰਦੇ ਨੇ ਕੰਮ ਕਰਨ ਦੇ। ਇਹ ਸੋਚਣਾ ਕਿੰਨਾ ਪਿਆਰਾ ਹੈ ਨਾ ਕਿ ਇਸ ਵੱਡੇ ਵਿਸ਼ਾਲ ਸੰਸਾਰ ‘ਚ, ਵੱਖੋ-ਵੱਖਰੇ ਅਤੇ ਵਿਪਰੀਤ ਸੁਭਾਵਾਂ ਵਾਲੇ ਲੋਕਾਂ ਲਈ, ਇਕਸੁਰਤਾ ਦੀ ਭਾਵਨਾ ‘ਚ, ਨਾਲ-ਨਾਲ, ਰਹਿਣ ਲਈ ਵੀ ਜਗ੍ਹਾ ਮੌਜੂਦ ਹੈ। ਪਰ ਇਹ ਓਨਾ ਵਧੀਆ ਕੰਮ ਨਹੀਂ ਕਰਦਾ ਜਦੋਂ ਕਿਸੇ ਹੋਰ ਦੇ ਕੰਮ ਕਰਨ ਦੇ ਤਰੀਕੇ ਸਾਨੂੰ ਸਾਡੇ ਆਪਣੇ ਢੰਗ ਬੰਦ ਕਰਨ ਲਈ ਮਜਬੂਰ ਕਰ ਰਹੇ ਹੋਣ। ਸਹਿਣਸ਼ੀਲਤਾ ਅਤੇ ਵਿਭਿੰਨਤਾ ਦੇ ਕੰਮ ਕਰਨ ਲਈ, ਸਤਿਕਾਰ ਅਤੇ ਸੰਵੇਦਨਸ਼ੀਲਤਾ ਹੋਣੀ ਵੀ ਲਾਜ਼ਮੀ ਹੈ। ਕਿਸੇ ਤਨਾਅਪੂਰਨ ਸਥਿਤੀ ਨੂੰ ਸੁਧਾਰਨ ਲਈ, ਤੁਹਾਨੂੰ ਅਤੇ ਦੂਸਰੇ ਕਿਸੇ ਵਿਅਕਤੀ ਨੂੰ ਜਾਂ ਤਾਂ ਵਧੇਰੇ ਸੰਵਾਦ ਕਰਨਾ ਪੈਣੈ ਜਾਂ ਫ਼ਿਰ ਇੱਕ ਦੂਸਰੇ ਤੋਂ ਅੱਡ ਹੋਰ ਸਮਾਂ ਬਿਤਾਉਣਾ।
ਕੁਝ ਚੀਜ਼ਾਂ ਸੋਚਣ ਯੋਗ ਨਹੀਂ ਹੁੰਦੀਆਂ। ਅਸੀਂ ਕਿਸੇ ਪ੍ਰਕਿਰਿਆ, ਵਿਅਕਤੀ ਜਾਂ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ‘ਚ ਆਪਣੀ ਮਾਨਸਿਕ ਊਰਜਾ ਦਾ ਆਖ਼ਰੀ ਆਊਂਸ ਤਕ ਖਪਾ ਸਕਦੇ ਹਾਂ। ਪਰ ਇਹ ਗੱਲ ਸ਼ੱਕੀ ਹੀ ਬਣੀ ਰਹਿੰਦੀ ਹੈ ਕਿ ਕੀ ਅਸੀਂ ਕਦੇ ਵੀ ਵਧੇਰੇ ਬੁੱਧੀਮਾਨ ਬਣ ਪਾਵਾਂਗੇ। ਹੋਰ ਬਹੁਤ ਸਾਰੇ ਭੇਤ ਹਨ ਜੋ ਆਸਾਨੀ ਨਾਲ ਸਮਝੇ ਅਤੇ ਸਮਝਾਏ ਜਾ ਸਕਦੇ ਹਨ। ਅਸੀਂ ਸਹੀ ਢੰਗ ਨਾਲ ਸਹੀ ਸਵਾਲ ਪੁੱਛ ਕੇ ਬਹੁਤ ਸਾਰਾ ਲਾਭ ਖੱਟ ਸਕਦੇ ਹਾਂ। ਹੁਣ ਤੁਹਾਡੇ ਲਈ ਇੱਕ ਵੱਡੀ ਚੁਣੌਤੀ, ਉਨ੍ਹਾਂ ਵਿਚਲੇ ਅੰਤਰ ਨੂੰ ਦੇਖਣਾ ਹੈ ਜੋ ਵਧੇਰੇ ਸਮਝ ਲਈ ਕੁਰਲਾ ਰਿਹਾ ਹੈ ਅਤੇ ਜਿਸ ਨੂੰ ਸਵੀਕਾਰ ਕਰਨ ‘ਚ ਹੀ ਬਿਹਤਰੀ ਹੈ। ਡਰ ਨੂੰ ਨਿਰਣੇ ਕਰਨ ਦੀ ਆਪਣੀ ਕਾਬਲੀਅਤ ‘ਤੇ ਭਾਰੀ ਨਾ ਪੈਣ ਦਿਓ।














