ਸ਼ੌਨ ਮਾਰਸ਼ ਨੇ ਪੇਸ਼ੇਵਰ ਕ੍ਰਿਕਟ ਤੋਂ ਲਿਆ ਸੰਨਿਆਸ

ਸਰੀ: ਆਸਟ੍ਰੇਲੀਆਈ ਕ੍ਰਿਕਟਰ ਸ਼ੌਨ ਮਾਰਸ਼ ਨੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਿੱਗ ਬੈਸ਼ ਲੀਗ (BBL) ‘ਚ ਸਿਡਨੀ ਥੰਡਰ ਖ਼ਿਲਾਫ਼ ਮੈਲਬੌਰਨ ਰੇਨੇਗੇਡਜ਼ ਦਾ ਮੈਚ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ। ਉਹ ਆਸਟਰੇਲੀਆ ਦੇ ਸਾਬਕਾ ਕਪਤਾਨ ਐਰੋਨ ਫ਼ਿੰਚ ਦੇ ਨਾਲ ਸੰਨਿਆਸ ਲੈ ਰਹੇ ਹਨ।
ਮਾਰਸ਼ (40 ਸਾਲ) ਨੇ ਰੇਨੇਗੇਡਜ਼ ਵਲੋਂ ਜਾਰੀ ਬਿਆਨ ‘ਚ ਕਿਹਾ, ”ਮੈਨੂੰ ਰੇਨੇਗੇਡਜ਼ ਲਈ ਖੇਡਣਾ ਪਸੰਦ ਹੈ। ਮੈਂ ਪਿਛਲੇ ਪੰਜ ਸਾਲਾਂ ‘ਚ ਕੁੱਝ ਅਦਭੁੱਤ ਲੋਕਾਂ (ਖਿਡਾਰੀ ਅਤੇ ਸਹਿਯੋਗੀ ਮੈਂਬਰਾਂ) ਨੂੰ ਮਿਲਿਆ ਹਾਂ ਅਤੇ ਜੋ ਦੋਸਤੀ ਮੈਂ ਕੀਤੀ ਹੈ ਉਹ ਜੀਵਨ ਭਰ ਰਹੇਗੀ।” ਉਸ ਨੇ ਕਿਹਾ, ”ਮੈਂ ਰੇਨੇਗੇਡਜ਼ ਦੇ ਕੋਚਾਂ ਅਤੇ ਸਟਾਫ਼ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਪਰਦੇ ਦੇ ਪਿੱਛੇ ਕੰਮ ਕਰਦੇ ਹਨ ਜਿਸ ਕਾਰਨ ਮੇਰਾ ਕੰਮ ਥੋੜ੍ਹਾ ਆਸਾਨ ਹੋ ਗਿਆ।”
ਸੱਟ ਕਾਰਨ ਮੌਜੂਦਾ ਸੈਸ਼ਨ ਦੀ ਸ਼ੁਰੂਆਤ ਦੇਰੀ ਨਾਲ ਕਰਨ ਵਾਲੇ ਮਾਰਸ਼ ਨੇ ਪੰਜ ਮੈਚਾਂ ‘ਚ 45.25 ਦੀ ਔਸਤ ਅਤੇ 138.16 ਦੀ ਸਟ੍ਰਾਈਕ ਰੇਟ ਨਾਲ 181 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ ਤਿੰਨ ਅਰਧ ਸੈਂਕੜੇ ਵੀ ਲਗਾਏ ਹਨ। ਮਾਰਸ਼ ਨੇ 2019-20 ਸੀਜ਼ਨ ‘ਚ ਰੇਨੇਗੇਡਜ਼ ‘ਚ ਸ਼ਾਮਿਲ ਹੋਣ ਤੋਂ ਪਹਿਲਾਂ 2011-19 ਦੇ ਵਿਚਕਾਰ ਪਰਥ ਸਕੌਰਚਰਜ਼ ਨਾਲ ਇੱਕ ਲੰਮਾ ਅਤੇ ਸਫ਼ਲ ਸਪੈੱਲ ਬਿਤਾਇਆ। ਉਨ੍ਹਾਂ ਆਪਣੀ ਪਿਛਲੀ ਟੀਮ ਦਾ ਵੀ ਧੰਨਵਾਦ ਕੀਤਾ।
ਉਸ ਨੇ ਕਿਹਾ, ”ਮੈਂ ਸਕੌਰਚਰਜ਼ ਦਾ ਬਹੁਤ ਧੰਨਵਾਦੀ ਹਾਂ। ਪਰਥ ‘ਚ ਖੇਡਣ ਦੀਆਂ ਮੇਰੀਆਂ ਕੁੱਝ ਚੰਗੀਆਂ ਯਾਦਾਂ ਹਨ ਅਤੇ ਮੈਂ ਉੱਥੇ ਆਪਣੇ ਸਮੇਂ ਦਾ ਬਹੁਤ ਆਨੰਦ ਮਾਣਿਆ। ਉਸ ਟੀਮ ਲਈ ਲਗਾਤਾਰ ਖ਼ਿਤਾਬ ਜਿੱਤਣਾ ਮੇਰੇ ਲਈ ਕ੍ਰਿਕਟ ਦੇ ਸਭ ਤੋਂ ਖ਼ੁਸ਼ੀ ਦੇ ਪਲਾਂ ‘ਚੋਂ ਇੱਕ ਸੀ। ਮਾਰਸ਼ ਨੇ ਵੀ ਸਾਰੇ ਫ਼ੌਰਮੈਟਾਂ ‘ਚ ਆਸਟਰੇਲੀਆ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਅੰਤਰਰਾਸ਼ਟਰੀ ਪੱਧਰ ‘ਤੇ 13 ਸੈਂਕੜਿਆਂ ਦੀ ਮਦਦ ਨਾਲ 5,200 ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ ਦੇਸ਼ ਲਈ ਆਪਣਾ ਆਖਰੀ ਮੈਚ 2019 ਵਿਸ਼ਵ ਕੱਪ ‘ਚ ਸ੍ਰੀ ਲੰਕਾ ਖ਼ਿਲਾਫ਼ ਖੇਡਿਆ ਸੀ।