ਰੋਹਿਤ ਸ਼ਰਮਾ ਖੇਡ ਚੁੱਕੈ ਦੁਨੀਆਂ ‘ਚ ਸਭ ਤੋਂ ਵੱਧ T-20 ਮੈਚ

ਵੈਨਕੂਵਰ: ਭਾਰਤੀ ਕਪਤਾਨ ਰੋਹਿਤ ਸ਼ਰਮਾ ਆਏ ਦਿਨ ਵੱਡੇ-ਵੱਡੇ ਰਿਕਾਰਡ ਆਪਣੇ ਨਾਂ ਕਰ ਰਿਹਾ ਹੈ। ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਚੱਲ ਰਹੀ ਤਿੰਨ T-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਰੋਹਿਤ ਸ਼ਰਮਾ 100 ਅੰਤਰਰਾਸ਼ਟਰੀ T-20 ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਸੀ। ਉਸ ਤੋਂ ਬਾਅਦ ਉਸ ਨੇ ਲੜੀ ਦੇ ਦੂਜੇ ਮੈਚ ‘ਚ ਵੀ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਰੋਹਿਤ ਸ਼ਰਮਾ 150 ਅੰਤਰਰਾਸ਼ਟਰੀ T-20 ਮੈਚ ਖੇਡਣ ਵਾਲਾ ਦੁਨੀਆਂ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ। ਇਸ ਕੀਰਤੀਮਾਨ ਤਕ ਪਹੁੰਚਣ ਵਾਲਾ ਉਹ T-20 ਕ੍ਰਿਕਟ ਦਾ ਸਭ ਤੋਂ ਪਹਿਲਾ ਖਿਡਾਰੀ ਹੈ।
ਰੋਹਿਤ ਤੋਂ ਬਾਅਦ ਸਭ ਤੋਂ ਜ਼ਿਆਦਾ T-20 ਮੈਚ ਖੇਡਣ ਦੇ ਮਾਮਲੇ ‘ਚ ਆਇਰਲੈਂਡ ਦਾ ਪੌਲ ਸਟਰਲਿੰਗ ਦਾ ਨਾਂ ਦੂਜੇ ਨੰਬਰ ‘ਤੇ ਆਉਂਦਾ ਹੈ ਜਿਸ ਨੇ 134 ਮੈਚ ਖੇਡੇ ਹਨ। ਸਟਰਲਿੰਗ ਦੇ ਹੀ ਹਮਵਤਨ ਜੌਰਜ ਡਾਕਰੈੱਲ 128 ਮੈਚਾਂ ਨਾਲ ਤੀਜੇ, ਪਾਕਿਸਤਾਨ ਦਾ ਸ਼ੋਇਬ ਮਲਿਕ 124 ਨਾਲ ਚੌਥੇ ਅਤੇ ਨਿਊ ਜ਼ੀਲੈਂਡ ਦਾ ਮਾਰਟਿਨ ਗੁਪਟਿਲ 122 ਮੈਚਾਂ ਨਾਲ ਪੰਜਵੇਂ ਨੰਬਰ ‘ਤੇ ਆਉਂਦਾ ਹੈ।
ਮੈਚ ਦੀ ਗੱਲ ਕਰੀਏ ਤਾਂ ਅਫ਼ਗ਼ਾਨਿਸਤਾਨ ਨੇ 20 ਓਵਰਾਂ ‘ਚ 172 ਦੌੜਾਂ ਬਣਾਈਆਂ ਸਨ ਤੇ ਭਾਰਤ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਕਪਤਾਨ ਅਤੇ ਓਪਨਰ ਰੋਹਿਤ ਸ਼ਰਮਾ ਮੈਚ ‘ਚ ਕੁੱਝ ਖ਼ਾਸ ਨਹੀਂ ਕਰ ਸਕਿਆ ਅਤੇ ਆਪਣੀ ਪਹਿਲੀ ਹੀ ਗੇਂਦ ‘ਤੇ ਕਲੀਨ ਬੋਲਡ ਹੋ ਗਿਆ।