ਅਸੀਂ ਨਿਰਪੱਖ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਖ਼ੈਰ, ਸਾਡੇ ‘ਚੋਂ ਕੁਝ ਕਰਦੇ ਨੇ। ਸਾਡੇ ‘ਚੋਂ ਕੁਝ ਪੱਖਪਾਤ ‘ਚ ਹੀ ਆਨੰਦ ਲੈਂਦੇ ਹਨ। ਪਰ ਇਹ ਇੱਕ ਵੱਖਰੀ ਕਹਾਣੀ ਹੈ। ਇਹ ਯਕੀਨਨ ਤੁਹਾਡੀ ਕਹਾਣੀ ਨਹੀਂ। ਤੁਸੀਂ ਨਿਆਂਇਕ ਵਾਤਾਵਰਣ ਸਿਰਜਣ ਬਾਰੇ ਜਨੂੰਨ ਦੀ ਹੱਦ ਤਕ ਪਰਵਾਹ ਕਰਦੇ ਹੋ। ਚੀਜ਼ਾਂ ਦੇ ਸਿਰਫ਼ ਨਿਰਪੱਖ ਮਹਿਸੂਸ ਜਾਂ ਪ੍ਰਤੀਤ ਹੋਣ ਦੀ ਲੋੜ ਨਹੀਂ; ਉਹ ਬਿਲਕੁਲ ਨਿਰਪੱਖ ਹੋਣੀਆਂ ਵੀ ਚਾਹੀਦੀਆਂ ਹਨ। ਇਹ ਸੁਨਿਸ਼ਚਿਤ ਕਰਨ ਲਈ ਕਿ ਤੁਸੀਂ ਇਹ ਪ੍ਰਾਪਤ ਕਰ ਸਕੋ, ਤੁਸੀਂ ਆਪਣਾ ਬਹੁਤ ਸਾਰਾ ਸਮਾਂ ਅਤੇ ਊਰਜਾ ਖਪਾਉਂਦੇ ਹੋ। ਕੀ ਤੁਸੀਂ ਇਸ ਵਕਤ ਲੋੜੋਂ ਵੱਧ ਕੋਸ਼ਿਸ਼ ਕਰ ਰਹੇ ਹੋ? ਨਹੀਂ। ਤੁਸੀਂ ਬਹੁਤ ਹੀ ਸਿਆਣਾ ਅਤੇ ਨੇਕ ਕੰਮ ਕਰ ਰਹੇ ਹੋ। ਅੰਤ ‘ਚ ਤੁਸੀਂ ਕੇਵਲ ਉਸ ਈਮਾਨਦਾਰ ਪਹੁੰਚ ਤੋਂ ਹੀ ਲਾਭ ਲੈ ਸਕਦੇ ਹੋ, ਜੋ ਕਿ ਤੁਸੀਂ ਇਸ ਵੇਲੇ ਅਪਨਾ ਰਹੇ ਹੋ।
ਪਹਿਨਣ ਦੇ ਮਾਮਲੇ ‘ਚ ਤਾਜ਼ੇ ਧੋਤੇ ਹੋਏ ਕੱਪੜਿਆਂ ਜਿੰਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਪਰ ਜਿਸ ਪਲ ਤੁਸੀਂ ਉਨ੍ਹਾਂ ਨੂੰ ਇੱਕ ਵਾਰ ਪਹਿਨ ਲੈਂਦੇ ਹੋ, ਉਹ ਆਪਣੇ ਉਸ ਵਿਸ਼ੇਸ਼ ਗੁਣ ਨੂੰ ਗੁਆਉਣਾ ਸ਼ੁਰੂ ਕਰ ਦਿੰਦੇ ਹਨ। ਦਿਨ ਦੇ ਅੰਤ ਤਕ, ਉਨ੍ਹਾਂ ਨੂੰ ਦੁਬਾਰਾ ਧੋਣ ਦੀ ਲੋੜ ਪੈ ਜਾਂਦੀ ਹੈ। ਜਿਸ ਤਰ੍ਹਾਂ ਸਫ਼ਾਈ ਨਾਲ, ਉਸੇ ਤਰ੍ਹਾਂ ਸਪੱਸ਼ਟਤਾ ਨਾਲ ਹੁੰਦੈ। ਇੱਕ ਨਵਾਂ ਦ੍ਰਿਸ਼ਟੀਕੋਣ ਇੱਕ ਚੰਗੀ ਚੀਜ਼ ਹੈ, ਖਾਸ ਕਰ ਕੇ ਜੇਂ ਤੁਸੀਂ ਉਸ ‘ਤੇ ਭਰੋਸਾ ਕਰਦੇ ਹੋਵੋ। ਪਰ ਲਾਜ਼ਮੀ ਤੌਰ ‘ਤੇ ਉਸ ਨਵੇਂ ਦ੍ਰਿਸ਼ਟੀਕੋਣ ਦੀ ਧਾਰ ਸਮੇਂ ਦੇ ਨਾਲ-ਨਾਲ ਗੁਆਚ ਜਾਂਦੀ ਹੈ, ਅਤੇ ਉਹ ਕੁਝ ਹੱਦ ਤਕ ਘਰ ਦੀ ਮੁਰਗੀ ਦਾਲ ਬਰਾਬਰ ਬਣ ਜਾਂਦੈ। ਤੁਸੀਂ ਇਸ ਵੇਲੇ ਇੱਕ ਭਾਵਨਾਤਮਕ ਵਚਨਬੱਧਤਾ, ਜੋ ਕਦੇ ਤੁਹਾਨੂੰ ਖ਼ੂਬ ਉਤਸ਼ਾਹਿਤ ਕਰਦੀ ਸੀ, ਬਾਰੇ ਬਹੁਤ ਘੱਟ ਆਸ਼ਾਵਾਦੀ ਮਹਿਸੂਸ ਕਰ ਰਹੇ ਹੋ। ਇਹ ਇਸ ਗੱਲ ਦਾ ਸੰਕੇਤ ਨਹੀਂ ਕਿ ਉਸ ਨੂੰ ਬਦਲਣ ਦਾ ਸਮਾਂ ਆ ਗਿਐ। ਇਹ ਕੇਵਲ ਤੁਹਾਡੇ ਉਤਸ਼ਾਹ ਨੂੰ ਮੁੜ ਨਵਿਆਉਣ ਦਾ ਸਮਾਂ ਹੈ।
ਇੰਤਜ਼ਾਰ ਦੀ ਡੋਰ ਬਹੁਤ ਲੰਬੀ ਹੁੰਦੀ ਹੈ। ਸਮੇਂ ਸਿਰ ਲਗਾਇਆ ਇੱਕ ਟਾਂਕਾ ਬੇਵਕਤ ਦੇ ਸੌ ਟਾਂਕਿਆਂ ਨਾਲੋਂ ਬਿਹਤਰ। ਕਾਣੀ ਦੇ ਵਿਆਹ ‘ਚ ਨੌਂ ਸੌ ਜੋਖ਼ਮ। ਸਬਰ ਇੱਕ ਉੱਤਮ ਗੁਣ ਹੈ। ਜੇਕਰ ਤੁਸੀਂ ਬੋਰ ਹੋ ਰਹੇ ਹੋ ਤਾਂ ਮੈਨੂੰ ਮੁਆਫ਼ ਕਰਨਾ। ਮੈਂ ਓਹੀ ਕਹਿ ਰਿਹਾ ਹਾਂ ਜੋ ਮੈਨੂੰ ਕਹਿਣਾ ਚਾਹੀਦੈ। ਹੋਰ ਲੇਖਕ ਵੀ ਤਾਂ ਹਰ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਕਹਿੰਦੇ ਰਹਿੰਦੇ ਹਨ। ਪਰ ਉਹ ਬਹੁਤ ਸਿਆਣੇ ਹਨ। ਮੈਂ ਤਾਂ ਦਰਅਸਲ ਇਹ ਕਹਿਣ ਲਈ ਬਹੁਤ ਜ਼ਿਆਦਾ ਉਤਾਵਲਾ ਮਹਿਸੂਸ ਕਰ ਰਿਹਾਂ, ”ਢੱਠੇ ਖੂਹ ‘ਚ ਪਵੇ ਮੇਰਾ ਤੁਹਾਨੂੰ ਇਹ ਲੈਕਚਰ ਦੇਣਾ ਕਿ ਤੁਹਾਨੂੰ ਕੀ ਕਰਨਾ ਚਾਹੀਦੈ ਜਾਂ ਕੀ ਨਹੀਂ।”ਵੈਸੇ ਵੀ, ਕਿਸੇ ਨੂੰ ਕੀ ਅਧਿਕਾਰ ਕਿ ਉਹ ਤੁਹਾਨੂੰ ਇੰਝ ਮੱਤਾਂ ਦੇਵੇ? ਤੁਸੀਂ ਸਿਰਫ਼ ਆਪਣੇ ਦਿਲੋ ਦਿਮਾਗ਼ ਦੇ ਕਹੇ ‘ਤੇ ਕੰਮ ਕਿਉਂ ਨਹੀਂ ਕਰਦੇ ਜਾਂ ਆਪਣੀ ਕਿਸੇ ਸਨਕ ਦਾ ਪਿੱਛਾ ਕਿਉਂ ਨਹੀਂ ਕਰਦੇ? ਤੁਸੀਂ ਇਸ ਵਕਤ ਇੱਕ ਤਰ੍ਹਾਂ ਦਾ ਜਨੂੰਨ ਮਹਿਸੂਸ ਕਰ ਰਹੇ ਹੋ। ਕੀ ਉਸ ਨੂੰ ਦਬਾਉਣਾ ਸਿਹਤਮੰਦ ਹੋਵੇਗਾ?
ਬਹੁਤ ਸਾਰੇ ਦਾਰਸ਼ਨਿਕ ਸੁਝਾਅ ਦਿੰਦੇ ਹਨ ਕਿ ਪ੍ਰਵਿਰਤੀ ਬੁੱਧੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਪਰ ਜੇਕਰ ਉਨ੍ਹਾਂ ਕੋਲ ਅਕਲ ਹੀ ਨਾ ਹੁੰਦੀ ਤਾਂ ਉਹ ਅਜਿਹਾ ਦਾਅਵਾ ਕਰਨ ਦੇ ਯੋਗ ਹੀ ਨਾ ਹੁੰਦੇ! ਤਰਕਸ਼ੀਲ ਦਲੀਲਾਂ ਨੂੰ ਅਸੀਂ ਕਿਸੇ ਵੀ ਸਥਿਤੀ ‘ਤੇ ਢੁਕਾ ਸਕਦੇ ਹਾਂ। ਪਰ ਜ਼ਿਆਦਾਤਰ ਲੋਕ ਕੋਈ ਵੀ ਵੱਡਾ ਫ਼ੈਸਲਾ ਲੈਣ ਸਮੇਂ ਹਮੇਸ਼ਾ ਗੁਪਤ ਜਾਂ ਨਿਜੀ ਤੌਰ ‘ਤੇ ਸੋਚਣ ਨਾਲੋਂ ਵੱਧ ਮਹਿਸੂਸ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦੇ ਸਪੱਸ਼ਟੀਕਰਣ ਭਾਵੇਂ ਕਿੰਨੇ ਵੀ ਮੰਨਣਯੋਗ ਕਿਉਂ ਨਾ ਹੋਣ, ਪਰ ਉਹ ਕੇਵਲ ਘਟਨਾ ਵਾਪਰ ਚੁੱਕਣ ਤੋਂ ਬਾਅਦ ਦੀ ਕਹਾਣੀ ਹੀ ਦੱਸ ਸਕਦੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਨੇ ਉਨ੍ਹਾਂ ਦੀਆਂ ਚੋਣਾਂ ਨੂੰ ਸਵਰੂਪ ਪਹਿਲਾਂ ਹੀ ਦੇ ਦਿੱਤਾ ਹੁੰਦੈ। ਤੁਹਾਡੇ ਕੋਲ ਇੱਕ ਡੂੰਘੀ ਗੁਪਤ ਉਮੀਦ ਹੈ। ਉਹ ਤਰਕਪੂਰਨ ਨਹੀਂ ਲੱਗ ਰਹੀ, ਪਰ ਤੁਹਾਨੂੰ ਉਸ ‘ਤੇ ਭਰੋਸਾ ਕਰਨਾ ਚਾਹੀਦੈ।
ਦਿਆਲੂ ਬਣੋ। ਸਿਆਣੇ ਬਣੋ। ਵੱਡੇ ਬਣੋ। ਅਤੇ, ਬੇਸ਼ਕ, ਖ਼ੁਸ਼ ਰਹੋ। ਇਹ ਸਾਰੇ ਕਾਰਜ ਕਰਨ ਨਾਲੋਂ ਕਹਿਣੇ ਵਧੇਰੇ ਆਸਾਨ ਹਨ। ਜਦੋਂ ਚੀਜ਼ਾਂ ਸਾਡੀ ਮਨ-ਮਰਜ਼ੀ ਮੁਤਾਬਿਕ ਵਾਪਰ ਰਹੀਆਂ ਹੋਣ ਤਾਂ ਅਸੀਂ ਬਹੁਤ ਸੌਖਿਆਂ ਹੀ ਉਦਾਰਤਾ ਦਿਖਾ ਸਕਦੇ ਹਾਂ ਜਾਂ ਚੰਗੀ ਸਲਾਹ ਦੇ ਸਕਦੇ ਹਾਂ ਜਾਂ ਪੂਰੀ ਤਸਵੀਰ ਜਾਂ ਚੌੜੀ ਮੁਸਕਰਾਹਟ ਦੇਖ ਸਕਦੇ ਹਾਂ। ਪਰ ਜਦੋਂ ਕੋਈ ਵਿਅਕਤੀ ਜਾਂ ਚੀਜ਼ ਸਾਨੂੰ ਪਰੇਸ਼ਾਨ ਕਰੇ ਤਾਂ ਇਹ ਸਭ ਕਰਨਾ ਐਡਾ ਸੌਖਾ ਵੀ ਨਹੀਂ ਹੁੰਦਾ। ਪਰ, ਫ਼ਿਰ, ਇਸ ਦਾ ਬਦਲ ਕੀ ਹੈ? ਮਤਲਬੀ, ਮੂਰਖ, ਛੋਟੀ ਸੋਚ ਵਾਲਾ ਅਤੇ ਦੁਖੀ ਹੋਣਾ? ਇਸ ਸੰਸਾਰ ‘ਚ ਕਿਸੇ ਵੀ ਵਿਅਕਤੀ ਦਾ ਅਜਿਹੀ ਸਥਿਤੀ ‘ਚ ਪਹੁੰਚਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੋ ਵੀ ਤੁਹਾਨੂੰ ਚਿੰਤਤ ਕਰ ਰਿਹਾ ਹੈ, ਉਸ ਤੋਂ ਉੱਪਰ ਉੱਠ ਕੇ ਸੋਚੋ।














