ਇਸਲਾਮਾਬਾਦ – ਜੇਲ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕੁਝ ਰਾਹਤ ਦਿੰਦਿਆਂ ਇਥੋਂ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਬੁਸ਼ਰਾ ਬੀਬੀ ਨਾਲ ਉਨ੍ਹਾਂ ਦੇ ‘ਗੈਰ-ਇਸਲਾਮੀ’ ਵਿਆਹ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਬੁਸ਼ਰਾ ਉਨ੍ਹਾਂ ਦੀ ਤੀਜੀ ਪਤਨੀ ਹੈ।ਪਟੀਸ਼ਨਕਰਤਾ ਮੁਹੰਮਦ ਹਨੀਫ ਨੇ ਸਾਬਕਾ ਪ੍ਰਧਾਨ ਮੰਤਰੀ ਖਿਲਾਫ ਆਪਣਾ ਕੇਸ ਵਾਪਸ ਲੈ ਲਿਆ, ਜਿਸ ਤੋਂ ਬਾਅਦ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਹਨੀਫ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ (71) ਨੂੰ ਬੁਸ਼ਰਾ (49) ਨਾਲ ਉਸ ਦੀ ਇਦਤ ਦੇ ਸਮੇਂ ਦੌਰਾਨ ਵਿਆਹ ਕਰਵਾਉਣ ਲਈ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਸੀ। ਇਦਤ (3 ਮਹੀਨੇ ਦੀ ਮਿਆਦ) ਇਕ ਮੁਸਲਮਾਨ ਔਰਤ ਲਈ ਹੁੰਦੀ ਹੈ। ਇਸ ਮਿਆਦ ਨੂੰ ਉਸ ਦੇ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਧਿਆਨ ਵਿਚ ਰੱਖਣਾ ਪੈਂਦਾ ਹੈ।
ਹਨੀਫ਼ ਨੇ ਦਾਅਵਾ ਕੀਤਾ ਸੀ ਕਿ ਬੁਸ਼ਰਾ ਬੀਬੀ ਨੂੰ ਉਸ ਦੇ ਸਾਬਕਾ ਪਤੀ ਨੇ ਨਵੰਬਰ 2017 ’ਚ ਤਲਾਕ ਦੇ ਦਿੱਤਾ ਸੀ ਅਤੇ ਬੁਸ਼ਰਾ ਨੇ 1 ਜਨਵਰੀ 2018 ਨੂੰ ਇਮਰਾਨ ਨਾਲ ਵਿਆਹ ਕੀਤਾ ਸੀ, ਜਦ ਕਿ ਉਸ ਦੀ ‘ਇੱਦਤ’ ਦੀ ਮਿਆਦ ਖ਼ਤਮ ਨਹੀਂ ਹੋਈ ਸੀ ਅਤੇ ਅਜਿਹਾ ਕਰਨਾ ਸ਼ਰੀਆ ਅਤੇ ਮੁਸਲਿਮ ਨਿਯਮਾਂ ਵਿਰੁੱਧ ਹੈ। ਇਮਰਾਨ 26 ਸਤੰਬਰ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਬੰਦ ਹਨ।















