ਫ਼ਰਹਾਨ ਅਖ਼ਤਰ ਦੀ ਫ਼ਿਲਮ ਜੀ ਲੇ ਜ਼ਰਾ ਜਦੋਂ ਤੋਂ 2021 ‘ਚ ਐਲਾਨੀ ਗਈ ਸੀ ਤਾਂ ਓਦੋਂ ਤੋਂ ਹੀ ਸੁਰਖ਼ੀਆਂ ‘ਚ ਹੈ। ਕਦੇ ਇਸ ਦੇ ਸਿਤਾਰਿਆਂ ‘ਚ ਬਦਲਾਅ ਦੀ ਚਰਚਾ ਹੁੰਦੀ ਹੈ ਤਾਂ ਕਦੇ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਤਾਰੀਖ਼ ਟਾਲ ਦਿੱਤੀ ਜਾਂਦੀ ਹੈ। ਕਿਹਾ ਜਾ ਰਿਹਾ ਸੀ ਕਿ ਸਿਤਾਰਿਆਂ ਦੀ ਡੇਟ ਨਾ ਮਿਲਣ ਕਾਰਨ ਫ਼ਿਲਮ ਨੂੰ ਟਾਲਿਆ ਜਾ ਰਿਹਾ ਸੀ, ਪਰ ਹੁਣ ਪ੍ਰਿਅੰਕਾ ਚੋਪੜਾ ਨੂੰ ਸਕ੍ਰਿਪਟ ਪਸੰਦ ਨਾ ਆਉਣ ਅਤੇ ਰਚਨਾਤਮਕ ਮਤਭੇਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਜੂਨ ‘ਚ ਖ਼ਬਰ ਆਈ ਸੀ ਕਿ ਪ੍ਰਿਅੰਕਾ ਫ਼ਿਲਮ ਤੋਂ ਪਿੱਛੇ ਹੱਟ ਗਈ ਹੈ, ਪਰ ਬਾਅਦ ‘ਚ ਕਿਹਾ ਗਿਆ ਕਿ ਸ਼ੂਟਿੰਗ ਡੇਟ ਨਾ ਹੋਣ ਕਾਰਨ ਟਾਲ ਦਿੱਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਿਕ ਪ੍ਰਿਅੰਕਾ ਨੂੰ ਸਕ੍ਰਿਪਟ ਪਸੰਦ ਨਹੀਂ ਸੀ ਆਈ ਅਤੇ ਉਹ ਰਚਨਾਤਮਕ ਮਤਭੇਦਾਂ ਕਾਰਨ ਇਸ ਤੋਂ ਦੂਰ ਚਲੀ ਗਈ। ਸੂਤਰ ਮੁਤਾਬਿਕ ਪ੍ਰਿਅੰਕਾ ਨੇ ਪਰਿਣੀਤੀ ਚੋਪੜਾ ਦੇ ਵਿਆਹ ਲਈ ਭਾਰਤ ਆ ਕੇ ਫ਼ਿਲਮ ਸਾਈਨ ਕਰਨੀ ਸੀ ਪਰ ਹੁਣ ਗੱਲ ਨਹੀਂ ਬਣੀ।
ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਪ੍ਰਿਅੰਕਾ ਦੇ ਫ਼ਿਲਮ ਤੋਂ ਬਾਹਰ ਹੋਣ ਤੋਂ ਬਾਅਦ ਜੀ ਲੇ ਜ਼ਰਾ ਦਾ ਕੀ ਬਣੇਗਾ? ਸੂਤਰ ਮੁਤਾਬਿਕ ਹੁਣ ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਫ਼ਿਲਮ ਬਣਨ ਤਕ ਕਹਾਣੀ ਢੁਕਵੀਂ ਰਹੇ ਕਿਉਂਕਿ ਇਸ ‘ਚ ਪਹਿਲਾਂ ਹੀ ਕਾਫ਼ੀ ਦੇਰੀ ਹੋ ਚੁੱਕੀ ਹੈ। ਫ਼ਿਲਮ ਨੂੰ ਫ਼ਲੋਰ ‘ਤੇ ਆਉਣ ‘ਚ ਅਜੇ ਦੋ ਸਾਲ ਹੋਰ ਲੱਗਣਗੇ। ਅਜਿਹੇ ‘ਚ ਫ਼ਰਹਾਨ ਨੂੰ ਜ਼ੋਇਆ ਅਖ਼ਤਰ ਨਾਲ ਰਲ ਕੇ ਇਸ ਬਾਰੇ ਸੋਚਣਾ ਹੋਵੇਗਾ। ਕੁਝ ਦਿਨ ਪਹਿਲਾਂ ਫ਼ਰਹਾਨ ਨੇ ਵੈਰਾਇਟੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਡੇਟਾਂ ਲੇਟ ਹੋਣਾ ਇੱਕ ਵੱਡਾ ਕਾਰਨ ਹੈ। ਉਸ ਨੇ ਕਿਹਾ ਸੀ, ”ਸਾਨੂੰ ਤਾਰੀਖ਼ਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੌਲੀਵੁਡ ‘ਚ ਅਦਾਕਾਰਾਂ ਦੀ ਹੜਤਾਲ ਨੇ ਪ੍ਰਿਅੰਕਾ ਦੀਆਂ ਤਾਰੀਖ਼ਾਂ ‘ਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ ਕਿ ਕੀ ਕੀਤਾ ਜਾ ਸਕਦਾ ਹੈ ਅਤੇ ਕੀ ਨਹੀਂ ਕੀਤਾ ਜਾ ਸਕਦਾ। ਮੈਂ ਹੁਣ ਸਵੀਕਾਰ ਕਰ ਲਿਆ ਹੈ ਕਿ ਫ਼ਿਲਮ ਦੀ ਆਪਣੀ ਕਿਸਮਤ ਹੈ। ਹੁਣ ਇਹ ਓਦੋਂ ਹੋਵੇਗਾ ਜਦੋਂ ਇਹ ਹੋਣਾ ਹੋਇਆ।”
ਫ਼ਿਲਮ ਜੀ ਲੇ ਜ਼ਰਾ ਐਕਸਲ ਐਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਇਸ ਫ਼ਿਲਮ ‘ਚ ਪ੍ਰਿਅੰਕਾ ਦੇ ਨਾਲ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੀਆਂ ਸਨ। ਇਹ ਫ਼ਿਲਮ ਤਿੰਨ ਔਰਤਾਂ ਦੀ ਦੋਸਤੀ ਦੀ ਕਹਾਣੀ ਦਿਖਾਏਗੀ ਜੋ ਇੱਕ ਰੋਡ ਟ੍ਰਿਪ ‘ਤੇ ਜਾਣਗੀਆਂ। ਇਹ ਫ਼ਿਲਮ ਦਿਲ ਚਾਹਤਾ ਹੈ ਅਤੇ ਜ਼ਿੰਦਗੀ ਨਾ ਮਿਲੇਗੀ ਦੋਬਾਰਾ ਵਰਗੀ ਬਣਨ ਜਾ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਕਦੋਂ ਬਣੇਗੀ?










