ਨਹੀਂ ਰੀਸਾਂ ਮਾਸਟਰ ਦੇ ਮੁੰਡੇ ਦੀਆਂ

ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਸੰਗਰੂਰ ਜਿਲੇ ਦੇ ਆਮ ਜਿਹੇ ਸਤੌਜ ਪਿੰਡ ‘ਚ ਰਹਿੰਦੇ ਸਨ ਮਾਸਟਰ ਮਹਿੰਦਰ ਸਿੰਘ ਅਤੇ ਫ਼ਿਰ ਸਮਾਂ ਪਾ ਕੇ ਪਟਿਆਲੇ ਆ ਗਏ। ਮਾਸਟਰ ਜੀ ਬੜੇ ਸਾਦੇ ਬੰਦੇ ਸਨ। ਇਮਾਨਦਾਰ ਅਤੇ ਆਪਣੇ ਕਾਰਜ ਨੂੰ ਸਮਰਪਿਤ ਇੱਕ ਅਧਿਆਪਕ। ਜਿਸ ਦਿਨ ਮਾਸਟਰ ਜੀ ਦਾ ਪੁੱਤਰ ਭਗਵੰਤ ਸਿੰਘ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣਿਆ ਅਤੇ ਆਮ ਜਿਹੇ ਪਿੰਡ ਸਤੌਜ ਤੋਂ ਉਠਕੇ ਸੰਸਦ ‘ਚ ਗਿਆ ਤਾਂ ਵੱਡੇ ਵੱਡੇ ਸਿਆਸੀ ਗਲਿਆਰੇ ਸਹਿਮ ਗਏ ਸਨ ਕਿ ਹੁਣ ਆਮ ਜਿਹੇ ਘਰਾਂ ‘ਚੋਂ ਉਠ ਕੇ ਸਾਧਾਰਣ ਜਿਹੇ ਮੁੰਡੇ ਐਡੇ ਵੱਡੇ ਰੁਤਬਿਆਂ ‘ਤੇ ਆਉਣ ਲੱਗ ਪਏ ਹਨ ਤਾਂ ਉਨਾਂ ਦੇ ਮੁੰਡਿਆਂ ਦਾ ਹੁਣ ਕੀ ਬਣੇਗਾ? ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਭਗਵੰਤ ਸਿੰਘ ਨੇ ਕਹਿੰਦੇ ਕਹਾਉਂਦੇ ਲੋਕਾਂ ਦੇ ਜਗਮਗਾਉਂਦੇ ਸਿਆਸੀ ਮਹੱਲ ਫ਼ਿਕਰਾਂ ‘ਚ ਡੋਬ ਦਿੱਤੇ ਸਨ, ਪਰ ਅਫ਼ਸੋਸ ਕਿ ਮਾਸਟਰ ਮਹਿੰਦਰ ਸਿੰਘ ਜੀ ਇਸ ਜਹਾਨ ‘ਚ ਨਹੀਂ ਸਨ ਕਿ ਉਹ ਆਪਣੇ ਪੁੱਤਰ ਨੂੰ ਭਾਰਤ ਦੀ ਸੰਸਦ ਦੀਆਂ ਪੌੜੀਆਂ ਚੜਦਾ ਅਤੇ ਸੰਸਦ ‘ਚ ਗੱਜਦਾ ਵੇਖ ਸਕਣ। ਮਾਸਟਰ ਜੀ ਸੰਸਾਰ ਛੱਡ ਚੁੱਕੇ ਸਨ ਅਤੇ ਮਾਂ ਹਰਪਾਲ ਕੌਰ ਹੀ ਹੁਣ ਉਸ ਦਾ ਪਿਓ ਸੀ ਅਤੇ ਉਹੀ ਮਾਂ ਸੀ ਉਸ ਦੀ।
ਜਿਥੋਂ ਤਕ ਮਾਸਟਰ ਮਹਿੰਦਰ ਸਿੰਘ ਨਾਲ ਮੇਰੀ ਨਿੱਜੀ ਨੇੜਤਾ ਦਾ ਸਬੰਧ ਹੈ, ਉਹ ਇਓਂ ਹੋਇਆ ਸੀ ਕਿ ਪਹਿਲੀ ਵਾਰ ਉਹ ਮੈਨੂੰ ਓਦੋਂ ਮਿਲੇ ਜਦ ਸੰਨ 1997 ‘ਚ ਮੈਂ ਪਟਿਆਲੇ ਉਨਾਂ ਦੇ ਜਗਤ ਪ੍ਰਸਿੱਧ ਕਲਾਕਾਰ ਪੁੱਤਰ ਭਗਵੰਤ ਮਾਨ ਨੂੰ ਮਿਲਣ ਲਈ ਗਿਆ ਸਾਂ। ਓਦੋਂ ਮੈਂ ਸਾਰੇ ਮਸ਼ਹੂਰ ਹੋਏ ਮਾਨ ਗੋਤਰ ਦੇ ਕਲਾਕਾਰਾਂ ਬਾਰੇ ਮਾਨ ਪੰਜਾਬ ਦੇ ਨਾਂ ਦੀ ਕਿਤਾਬ ਲਿਖੀ ਸੀ ਜਿਸ ‘ਚ ਭਗਵੰਤ ਮਾਨ ਤੇ ਉਸ ਦੀ ਕੌਮੇਡੀ, ਉਸ ਦੇ ਵਿਅੰਗ ਅਤੇ ਉਸ ਦੀ ਲੋਕ ਕਲਾ ਬਾਰੇ ਬਹੁਤ ਲੰਬਾ ਨਿਬੰਧ ਲਿਖਿਆ ਸੀ। ਇਹ ਕਿਤਾਬ 2000 ‘ਚ ਅੱਜ ਤੋਂ 23 ਸਾਲ ਪਹਿਲਾਂ ਛਪੀ ਸੀ। ਓਦੋਂ ਮੈਂ ਉਸ ਕਿਤਾਬ ‘ਚ ਲਿਖਿਆ ਸੀ ਕਿ ਇਹ ਸਾਡਾ ਹਰਫ਼ਨਮੌਲਾ ਕਲਾਕਾਰ ਇੱਕ ਤਕੜਾ ਵਿਅੰਗਕਾਰ ਵੀ ਹੈ। ਜਦ ਉਹ ਲੋਕਾਂ ਅੱਗੇ ਦੁਹਾਈ ਪਾਉਂਦਾ ਕੂਕਦਾ ਹੈ ਕਿ ਮੇਰੇ ਦੇਸ਼ ਦੇ ਲੋਕੋ, ਕੁੱਝ ਸਮਝੋ, ਕੁੱਝ ਸੋਚੋ, ਓ ਤੁਸੀਂ ਲੀਰਾਂ ਦੀਆਂ ਗੁੱਡੀਆਂ ਫ਼ੂਕ ਫ਼ੂਕ ਕੇ ਮੀਂਹ ਪੁਵਾਉਣਾ ਚਾਹੁੰਦੇ ਓ? ਓਏ ਏਥੇ ਤਾਂ ਰੋਜ਼ਾਨਾ ਅਸਲੀ ਗੁੱਡੀਆਂ (ਧੀਆਂ ਭੈਣਾਂ) ਫ਼ੂਕੀਆਂ ਜਾਂਦੀਆਂ ਨੇ, ਰੱਬ ਦਾ ਦਿਲ ਫ਼ਿਰ ਵੀ ਨਹੀ ਪਸੀਜਦਾ ਅਤੇ ਮੀਂਹ ਨਹੀਂ ਆਉਂਦਾ। ਫ਼ਿਰ ਲੀਰਾਂ ਦੀਆਂ ਗੁੱਡੀਆਂ ਫ਼ੂਕਣ ਨਾਲ ਮੀਂਹ ਕਿਥੋ ਆਜੂਗਾ? ਓ ਲੋਕੋ ਕੁੱਝ ਸੋਚੋ, ਕੁੱਝ ਸਮਝੋ। ਭਗਵੰਤ ਮਾਨ ਨੇ ਪੰਜਾਬ ਦੀ ਹਰ ਬੁਰਿਆਈ ਉਤੇ ਸਵਾਲ ਉਠਾਏ ਸਨ ਆਪਣੀ ਕਲਾ ਰਾਹੀਂ। ਚਾਹੇ ਨਸ਼ੇ ਹੋਣ, ਚਾਹੇ ਭਰੂਣ ਹੱਤਿਆ ਹੋਵੇ, ਚਾਹੇ ਭਰਿਸ਼ਟਾਚਾਰ ਹੋਵੇ, ਚਾਹੇ ਸਰਕਾਰੀ ਤੰਤਰ ਵਿਚਲੀਆਂ ਊਣਤਾਈਆਂ ਹੋਣ, ਉਸ ਨੇ ਬੇਲਿਹਾਜ਼ ਹੋ ਕੇ ਨਿਰਪੱਖ ਬੋਲਿਆ ਹੋਇਆ ਹੈ ਆਪਣੀਆਂ ਕੈਸਟਾਂ ਵਿੱਚ। ਤਰਾਸਦੀ ‘ਚੋਂ ਹਾਸਾ ਕਿਵੇਂ ਪੈਦਾ ਕਰਨਾ ਹੈ, ਉਸ ‘ਚ ਉਸ ਦਾ ਕੋਈ ਸਾਨੀ ਨਹੀਂ। ਹਾਜ਼ਿਰ ਜਵਾਬ ਹੈ ਉਹ ਸਿਰੇ ਦਾ। ਆਪਣੀ ਗੱਲ ਕਦੇ ਵੀ ਭੁੰਜੇ ਨਹੀ ਡਿੱਗਣ ਦਿੰਦਾ ਸੀ ਅਤੇ ਇਹੋ ਰੰਗ ਢੰਗ ਉਹਨੇ ਸੰਸਦ ‘ਚ ਵੀ ਜਾ ਵਿਖਾਇਆ। ਵੱਡੇ ਵੱਡੇ ਨਾਢੂ ਖਾਂ ਫ਼ਿਕਰਾਂ ‘ਚ ਪਾ ਛੱਡੇ ਉਸ ਨੇ।
****
ਮੈਨੂੰ ਉਸ ਦਿਨ ਪਟਿਆਲੇ ਮਿਲੇ ਮਾਸਟਰ ਜੀ ਵਾਪਿਸ ਤੁਰਦੇ ਨੂੰ ਆਖਣ ਲੱਗੇ ਕਿ ਮੈਂ ਤੇਰੇ ਜੱਜ ਦੇ ਅਰਦਲੀ ਵਾਲੇ ਸਾਰੇ ਕਾਲਮ ਪੜੇ ਹਨ, ਅੱਗੇ ਹੋਰ ਲਿਖਦੇ ਰਹੋ। ਉਸ ਮੁਲਾਕਾਤ ਤੋਂ ਬਾਅਦ ਉਹ ਮੇਰੀ ਹਰ ਰਚਨਾ ਪੜ੍ਹ ਕੇ ਲੈਂਡ ਲਾਈਨ ਫ਼ੋਨ ਤੋਂ ਫ਼ੋਨ ਕਰ ਕੇ ਮੇਰਾ ਹੌਸਲਾ ਵਧਾਉਂਦੇ ਰਹੇ। ਮੋਬਾਈਲ ਫ਼ੋਨ ਹਾਲੇ ਨਹੀ ਸਨ ਆਏ ਉਦੋਂ।
****
ਸਾਡੇ ਪੰਜਾਬ ਦੇ ਅਜੋਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਗੱਲਾਂ ਕਰਦਿਆਂ ਸੋਚ ਰਿਹਾ ਹਾਂ ਕਿ ਆਖਿਰ ਉਸ ‘ਚ ਕਿਹੜੀ ਐਸੀ ਸ਼ੈਅ ਹੈ ਕਿ ਉਹ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਸਿਰੇ ਤੀਕ ਚੁਭਦਾ ਹੈ? ਸਮਝ ਪੈਂਦੀ ਹੈਕਿ ਉਹ ਇਸ ਲਈ ਚੁਭਦਾ ਹੈ ਕਿ ਉਹ ਕਿਸੇ ਧਨਾਢ ਲੀਡਰ ਦਾ ਨਹੀਂ ਸਗੋਂ ਇੱਕ ਆਮ ਜਿਹੇ ਪਿੰਡੋਂ ਆਮ ਜਿਹੇ ਮਾਸਟਰ ਦਾ ਮੁੰਡਾ ਹੈ। ਉਹ ਇਸ ਲਈ ਚੁਭਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਓਂ ਬਣ ਗਿਆ ਅਤੇ ਬਦਲਾਅ ਕਿਓਂ ਆ ਗਿਆ? ਉਹ ਇਸ ਲਈ ਵੀ ਚੁਭਦਾ ਹੈ ਕਿ ਉਹ ਪੰਜਾਬ ਦੀ ਭਲਾਈ ਖ਼ਾਤਿਰ ਦਿਨ ਰਾਤ ਇੱਕ ਕਿਓਂ ਕਰ ਰਿਹਾ ਹੈ? ਉਸ ਦੀ ਚੁੱਭਣ ਇਸ ਲਈ ਵੀ ਹੈ ਕਿ ਉਹ ਦੇਸ਼ ਦੇ ਸ਼ਹੀਦ ਹੋਏ ਨੌਜਵਾਨਾਂ ਦੇ ਰੋਂਦੇ ਵਿਲਕਦੇ ਮਾਪਿਆਂ ਦੇ ਘਰਾਂ ‘ਚ ਜਾ ਜਾ ਕੇ ਉਨਾਂ ਦੇ ਅੱਥਰੂ ਕਿਓਂ ਪੂੰਝਦਾ ਫ਼ਿਰਦਾ ਹੈ। ਉਹ ਭਰਿਸ਼ਟਾਚਾਰ ਕਰਨ ਵਾਲਿਆਂ ਨੂੰ ਭਜਾਈ ਕਿਓਂ ਫ਼ਿਰਦਾ ਹੈ? ਉਹ ਬਜੁਰਗਾਂ ਦੇ ਪੈਰੀਂ ਹੱਥ ਕਿਓਂ ਲਾਉਂਦਾ ਰਹਿੰਦਾ ਹੈ? ਉਹ ਨਸ਼ੇ ਕਿਓਂ ਬੰਦ ਕਰਵਾਉਂਦਾ ਹੈ? ਉਸ ਦੀ ਚੁੱਭਣ ਦੇ ਹੋਰ ਵੀ ਬਥੇਰੇ ਕਾਰਣ ਹਨ ਅਤੇ ਖਾਸ ਕਾਰਣ ਇਹ ਕਿ ਉਹ ਆਪਣੇ ਵਿਰੋਧੀਆਂ ਨੂੰ ਕੁਸਕਣ ਤਕ ਨਹੀਂ ਦਿੰਦਾ। ਉਸ ਕੋਲ ਤੱਥ ਹਨ ਅਤੇ ਦਲੀਲਾਂ ਹਨ, ਵੇਰਵੇ ਹਨ ਅਤੇ ਵੇਰਵਿਆਂ ਦਾ ਵਰਣਨ ਵੀ ਉਸ ਨੂੰ ਖ਼ੂਬ ਕਰਨਾ ਆਉਂਦਾ ਹੈ। ਮੈਨੂੰ ਉਹ ਦਿਨ ਵੀ ਯਾਦ ਹੈ ਜਦ ਗੀਤਕਾਰ ਬਚਨ ਬੇਦਿਲ ਦੀ ਮਾਤਾ ਦਾ ਭੋਗ ਸੀ, ਉਥੇ ਉਸ ਨੇ ਮਾਂ ਦੀ ਮਮਤਾ, ਮਾਂ ਦੀ ਮਹਿਮਾ ਅਤੇ ਮਾਂ ਦੇ ਮੋਹ ਬਾਰੇ ਐਸਾ ਭਾਸ਼ਣ ਦਿੱਤਾ ਸੀ ਅਤੇ ਹਰ ਅੱਖ ਨਮ ਹੋਈ ਸੀ ਉਸ ਨੂੰ ਸੁਣ ਕੇ।
****
ਮੈਨੂੰ ਉਸ ਨਾਲ ਮਿਲਿਆਂ ਚਾਹੇ ਦੇਰ ਹੋ ਗਈ ਹੈ, ਪਰ ਲਗਦਾ ਹੈ ਕਿ ਉਹ ਮੈਨੂੰ ਰੋਜ ਮਿਲਦਾ ਹੈ ਅਤੇ ਨੇੜੇ ਤੇੜੇ ਹੀ ਤੁਰਿਆ ਫ਼ਿਰਦਾ ਹੈ। ਕਦੇ ਕਦੇ ਉਸ ਨੂੰ ਮੇਰੀ ਛਪੀ ਕੋਈ ਲਿਖਤ ਅਟਪਟੀ ਲੱਗੀ, ਉਸ ਬੜੀ ਸਪੱਸ਼ਟਤਾ ਨਾਲ ਸੁਝਾਓ ਦੇ ਕੇ ਲਿਖਤ ਸੁਧਵਾਈ। ਮੈਨੂੰ ਉਹ ਦਿਨ ਵੀ ਯਾਦ ਹੈ ਕਿ ਇੱਕ ਪ੍ਰੈਸ ਕਾਨਫ਼ਰੰਸ ‘ਚ ਇੱਕ ਵੱਡੇ ਗਾਇਕ ਨੇ ਮੇਰਾ ਨਾਂ ਲੈਕੇ ਆਲੋਚਨਾ ਕੀਤੀ ਸੀ ਤਾਂ ਉਸ ਨੇ ਮੂੰਹ ਉਤੇ ਹੀ ਉਸ ਗਾਇਕ ਨੂੰ ਟੋਕ ਦਿੱਤਾ ਸੀ। ਉਹ ਆਪਣੇ ਸਮਕਾਲੀਆਂ ਦੇ ਸੰਘਰਸ਼ਸ਼ੀਲ ਸਮਿਆਂ ਦਾ ਗਵਾਹ ਹੈ। ਉਸ ਨੇ ਚੰਗੇ ਮਾੜੇ ਦਿਨ ਦੇਖੇ ਹੋਏ ਹਨ ਅਤੇ ਮੂੰਹ ‘ਚ ਚਾਂਦੀ ਦਾ ਚੱਮਚਾ ਲੈਕੇ ਨਹੀਂ ਸੀ ਜਨਮਿਆਂ ਉਹ। ਲੱਖਾਂ ਦੇ ਹਜੂਮ ਨੂੰ ਬੰਨ੍ਹ ਕੇ ਬਿਠਾ ਲੈਣ ਵਾਲਾ, ਹਸਾ ਹਸਾ ਕੇ ਲੋਟ ਪੋਟ ਕਰ ਦੇਣ ਵਾਲਾ ਮਾਸਟਰ ਦਾ ਮੁੰਡਾ ਬੜਾ ਜਜ਼ਬਾਤੀ ਵੀ ਹੈ। ਉਸ ਦੀ ਮਾਂ ਹਰਪਾਲ ਕੌਰ ਨੇ ਆਤਮ-ਵਿਸਵਾਸ਼ ਉਸ ‘ਚ ਕੁੱਟ ਕੁੱਟ ਭਰ ਦਿੱਤਾ ਸੀ ਬਚਪਨ ਵੇਲੇ ਹੀ।
ਮੈਂ ਦੇਸ਼ ਵਿਦੇਸ਼ ‘ਚ ਵੀ ਉਸ ਦੇ ਸੋਲਡ ਆਉਟ ਹੋਏ ਸ਼ੋਅ ਦੇਖੇ ਹੋਏ ਹਨ। ਉਹ ਆਮ ਬੋਲ ਚਾਲ ਦੀ ਭਾਸ਼ਾ, ਸਹਿਜ ਸੁਭਾਓ ਦੇਖਿਆ ਜੀਵਨ ‘ਚ ਵਰਤਾਰਾ, ਸਮੇਂ ਸਮੇਂ ਦੇ ਸੱਚ ਆਦਿ ਨੂੰ ਆਪਣੀ ਹਰ ਪੇਸ਼ਕਾਰੀ ‘ਚ ਬੜੇ ਪੁਖ਼ ਤਾ ਰੂਪ ‘ਚ ਪੇਸ਼ ਕਰਦਾ। ਉਸ ਦੇ ਪਾਤਰ ਖ਼ੁਦ ਚੱਲਕੇ ਉਸ ਦੀਆਂ ਲਿਖਤਾਂ ਅਤੇ ਪੇਸ਼ਕਸ਼ਾਂ ‘ਚ ਆ ਰਲਦੇ। ਇਹ ਸਭ ਨੂੰ ਪਤਾ ਹੈ ਕਿ ਕੁਲਫ਼ੀ ਗਰਮ ਨਹੀਂ ਹੁੰਦੀ, ਪਰ ਉਸ ਨੇ ਕੁਲਫ਼ੀ ਗਰਮਾ ਗਰਮ ਪੇਸ਼ ਕਰ ਕੇ ਸਿਖਰ ਦੀ ਪ੍ਰਸਿੱਧੀ ਖੱਟੀ। ਜਦ ਸਰਦੂਲ ਸਿਕੰਦਰ ਦਾ ਗੀਤ ਆਇਆ ਸੀ ਫੁੱਲਾਂ ਦੀਏ ਕੱਚੀਏ ਵਪਾਰਨੇ, ਕੰਡਿਆਂ ਦੇ ਭਾ ਤੂੰ ਸਾਨੂੰ ਤੋਲ ਨਾ ਤਾਂ ਉਸ ਨੇ ਮੌਕੇ ‘ਤੇ ਪੈਰੋਡੀ ਬਣਾਈ ਸੀ, ਗੋਭੀ ਦੀਏ ਕੱਚੀਏ ਵਪਾਰਨੇ, ਆਲੂਆਂ ਦੇ ਭਾ ਤੂੰ ਸਾਨੂੰ ਤੋਲ ਨਾ। ਉਸ ਦੀਆਂ ਕਲਾਤਮਿਕ ਪ੍ਰਾਪਤੀਆਂ ਦੇ ਨਾਲ ਨਾਲ ਹੁਣ ਉਸ ਦੀਆਂ ਸਿਆਸੀ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨਾ ਕੋਈ ਸੌਖਾ ਕਾਰਜ ਨਹੀਂ। ਉਹ ਇੱਕ ਵੱਡਾ ਵਿਅੰਗਕਾਰ ਹੈ। ਹੁਣ ਉਹ ਸਿਰਫ਼ ਮਾਸਟਰ ਮਹਿੰਦਰ ਸਿੰਘ ਤੇ ਮਾਂ ਹਰਪਾਲ ਕੌਰ ਦਾ ਹੀ ਪੁੱਤਰ ਨਹੀਂ, ਪੂਰੇ ਪੰਜਾਬ ਦਾ ਪੁੱਤਰ ਹੈ ਅਤੇ ਰੱਬ ਉਸ ਨੂੰ ਬੁਰੀਆਂ ਨਜਰਾਂ ਤੋਂ ਬਚਾਈ ਰੱਖੇ।
9417421700