TV ਸੀਰੀਜ਼ ਜੁਬਲੀ ਦੀ ਅਦਾਕਾਰਾ ਵਾਮਿਕਾ ਗੱਬੀ ਜਲਦੀ ਹੀ ਅਗਲੀ ਐਕਸ਼ਨ ਫ਼ਿਲਮ ‘ਚ ਵਰੁਣ ਧਵਨ ਨਾਲ ਦਿਖਾਈ ਦੇਵੇਗੀ। ਫ਼ਿਲਮ ਦਾ ਨਿਰਮਾਣ ਐਟਲੀ ਅਤੇ ਉਸ ਦੀ ਪਤਨੀ ਪ੍ਰਿਆ ਮੋਹਨ ਦੇ ਬੈਨਰ ਏ ਫ਼ੌਰ ਐਪਲ ਸਟੂਡੀਓਜ਼ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ 2019 ‘ਚ ਆਈ ਤਾਮਿਲ ਫ਼ਿਲਮ ਕੀ ਨਾਲ ਪਛਾਣ ਬਣਾਉਣ ਵਾਲੇ ਕਲੀਸ ਕਰਨਗੇ। ਇਹ ਫ਼ਿਲਮ 31 ਮਈ 2024 ਨੂੰ ਰਿਲੀਜ਼ ਹੋਵੇਗੀ। ਅਜੇ ਫ਼ਿਲਮ ਦੇ ਨਾਮ ਅਤੇ ਕਹਾਣੀ ਬਾਰੇ ਦੱਸਿਆ ਨਹੀਂ ਗਿਆ।
ਇਸ ‘ਚ ਕੌਮੀ ਪੁਰਸਕਾਰ ਜੇਤੂ ਕੀਰਤੀ ਸੁਰੇਸ਼ ਵੀ ਇੱਕ ਅਹਿਮ ਭੂਮਿਕਾ ਨਿਭਾਏਗੀ। ਵਾਮਿਕਾ ਨੇ ਕਿਹਾ, “ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ। ਵਰੁਣ ਧਵਨ ਅਤੇ ਕੀਰਤੀ ਸੁਰੇਸ਼ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਕੁਝ ਅਜਿਹਾ ਹੈ ਜਿਸ ਦੀ ਮੈਂ ਤਲਾਸ਼ ਕਰ ਰਹੀ ਸੀ।” ਗ੍ਰਹਿਣ, ਮਾਈ ਅਤੇ ਜੁਬਲੀ ‘ਚ ਆਪਣੀ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੀ ਵਾਮਿਕਾ ਹੁਣ ਹੰਗਰੀ ਦੇ ਬੁਡਾਪੈੱਸਟ ‘ਚ ਸ਼ੂਟਿੰਗ ਕਰ ਰਹੀ ਹੈ। ਉਹ ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦੀ ਵੈੱਬ ਸੀਰੀਜ਼ ਚਾਰਲੀ ਚੋਪੜਾ ਐਂਡ ਦਾ ਮਿਸਟਰੀ ਔਫ਼ ਸੋਲੈਂਗ ਵੈਲੀ ਅਤੇ ਨੈੱਟਫ਼ਲਿਕਸ ‘ਤੇ ਫ਼ਿਲਮ ਖ਼ੁਫ਼ੀਆ ‘ਚ ਅਦਾਕਾਰਾ ਤਬੂ ਨਾਲ ਵੀ ਦਿਖਾਈ ਦੇਵੇਗੀ।











