ਬੌਲੀਵੁਡ ਅਦਾਕਾਰ ਰਣਵੀਰ ਸਿੰਘ ਨੇ ਆਖਿਆ ਕਿ ਉਹ ਬੌਲੀਵੁਡ ਦੇ ਸੁਪਰਸਟਾਰ ਅਮਿਤਾਭ ਬੱਚਨ ਅਤੇ ਸ਼ਾਹਰੁਖ਼ ਖ਼ਾਨ ਵਾਂਗ ਆਪਣੀ ਆਉਣ ਵਾਲੀ ਫ਼ਿਲਮ ਡੌਨ 3 ‘ਚ ਇੱਕ ਅਹਿਮ ਭੂਮਿਕਾ ਨਿਭਾਏਗਾ, ਅਤੇ ਉਸ ਨੂੰ ਉਮੀਦ ਹੈ ਕਿ ਉਕਤ ਦੋਵੇਂ ਸੁਪਰਸਟਾਰਜ਼ ਉਸ ਦੀ ਨਵੀਂ ਫ਼ਿਲਮ ‘ਚ ਉਸ ਦੇ ਡੌਨ ਦੇ ਕਿਰਦਾਰ ‘ਤੇ ਮਾਣ ਮਹਿਸੂਸ ਕਰਨਗੇ। ਰਣਵੀਰ ਨੇ ਆਖਿਆ ਕਿ ਉਹ ਡੌਨ ਦੇ ਕਿਰਦਾਰ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ੱਸਮਝਦਾ ਹੈ। ਸਭ ਤੋਂ ਪਹਿਲਾਂ ਅਮਿਤਾਭ ਬਚਨ ਨੇ ਸਾਲ 1978 ‘ਚ ਫ਼ਿਲਮ ਡੌਨ ਦਾ ਇੱਕ ਦਮਦਾਰ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਫ਼ਰਹਾਨ ਅਖ਼ਤਰ ਨੇ ਡੌਨ ਦੇ ਅਗਲੇ ਦੋ ਭਾਗ ਸਾਲ 2006 ‘ਚ (ਡੌਨ: ਦਾ ਚੇਜ਼ ਬਿਗਿਨਜ਼) ਅਤੇ 2011 ‘ਚ (ਡੌਨ 2) ਬਣਾਏ ਜਿਨ੍ਹਾਂ ‘ਚ ਡੌਨ ਦੀ ਭੂਮਿਕਾ ਸ਼ਾਹਰੁਖ਼ ਖ਼ਾਨ ਨੇ ਨਿਭਾਈ ਸੀ। ਫ਼ਰਹਾਨ ਅਤੇ ਰਿਤੇਸ਼ ਸਿਧਵਾਨੀ ਦੇ ਬੈਨਰ ਐਕਸੈੱਲ ਐਂਟਰਟੇਨਮੈਂਟ ਨੇ ਬੱਚਨ ਦੀ ਫ਼ਿਲਮ ਦੇ ਅਧਿਕਾਰ ਖ਼ਰੀਦੇ ਹੋਏ ਹਨ। ਫ਼ਰਹਾਨ ਹੁਣ ਰਣਵੀਰ ਨਾਲ ਇਸ ਫ਼ਰੈਂਚਾਇਜ਼ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਅਤੇ ਉਹ ਡੌਨ ਦਾ ਤੀਜਾ ਭਾਗ ਬਣਾ ਰਿਹਾ ਹੈ।











