ਕੁਦਰਤ ਨਾਲ ਮੱਥਾ ਕੌਣ ਲਾਵੇ!

ਮੇਰੀ ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਇਹਨਾਂ ਹੜ੍ਹਾਂ ਨੇ ਹਾੜ ਮਹੀਨੇ ‘ਚ ਹੀ ਹੜ੍ਹ ਕੇ ਲੋਕਾਂ ਦੀਆਂ ਲਿਲਕੜੀਆਂ ਕਢਵਾ ਦਿੱਤੀਆਂ ਨੇ। ਜਿੱਧਰ ਵੇਖੋ, ਪਾਣੀ ਹੀ ਪਾਣੀ ਫ਼ਿਰਦਾ ਹੈ। ਕਈ ਜਾਨਾਂ ਲੈ ਗਿਆ ਇਹ ਆਪ ਮੁਹਾਰਾ ਪਾਣੀ। ਲੋਕਾਂ ਲਈ ਹੋਣੀ ਬਣ ਕੇ ਆਇਆ ਹੈ ਇਹ 2023 ਦਾ ਹੜ੍ਹ ਅਤੇ ਉਨ੍ਹਾਂ ਨੂੰ ਉਜਾੜ ਗਿਆ ਹੈ ਬੁਰੀ ਤਰ੍ਹਾਂ। ਪੰਜਾਬ ਦੇ ਜਿਸ ਮਾਲਵੇ ਖਿੱਤੇ ‘ਚ ਮੈਂ ਰਹਿੰਦਾਂ, ਏਧਰ ਹਾਲੇ ਹੜ੍ਹਾਂ ਤੋਂ ਬੜੀ ਬੱਚਤ ਰਹੀ ਹੈ, ਪਰ ਹੋਰਨਾਂ ਨੂਸ਼ ਦੇਖ-ਦੇਖ ਕੇ ਦਿਲ ਨੂੰ ਡੋਬੂ ਪੈਂਦੇ ਨੇ, ਜਿਵੇਂ ਪਾਣੀ ‘ਚ ਲੋਕ ਡੁੱਬੇ ਨੇ। ਹੜ੍ਹ ਤਾਂ ਪਹਿਲਾਂ ਵੀ ਆਉਂਦੇ ਰਹੇ ਨੇ, ਆਣ ਕੇ ਮੁੜ ਜਾਂਦੇ ਸਨ ਅਤੇ ਚਰਚਾ ਵੀ ਨਾ ਮਾਤਰ ਹੀ ਹੁੰਦੀ ਸੀ। ਸੋਸ਼ਲ ਮੀਡੀਆ ਜੋ ਨਹੀਂ ਸੀ ਹੁੰਦਾ ਓਦੋਂ, ਅਤੇ ਬਹੁਤਾ ਕੁੱਝ ਅੱਖੋਂ ਪਰੋਖੇ ਅਤੇ ਦੱਬਿਆ ਹੀ ਰਹਿ ਜਾਂਦਾ ਸੀ। ਹੁਣ ਹਾਲਾਤ ਹੋਰ ਹਨ, ਜਿਥੇ ਜੋ ਵੀ ਹੁੰਦਾ ਹੈ, ਉਸ ਦੀ ਪਲ-ਪਲ ਦੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਹੈ।
ਸਿਆਣੇ ਕਹਿੰਦੇ ਨੇ ਪਹਿਲਾ ਹੜ੍ਹ 1965 ‘ਚ ਆਇਆ ਸੀ। ਮਾਲਵੇ ਦਾ ਨੁਕਸਾਨ ਹੋਣੋ ਬਚ ਗਿਆ ਸੀ ਓਦੋਂ ਵੀ। ਫ਼ਿਰ 1988-89 ‘ਚ ਹੜ੍ਹ ਆਇਆ, ਓਦੋਂ ਮੇਰੀ ਉਮਰ ਅੱਠ ਸਾਲਾਂ ਦੀ ਸੀ। ਬਾਰਡਰ ਜ਼ਿਲ੍ਹੇ ਫ਼ਿਰੋਜ਼ਪੁਰ ਦਾ ਬਹੁਤ ਨੁਕਸਾਨ ਹੋਇਆ ਸੀ, ਅਤੇ ਸਾਡੇ ਪਿੰਡ ਵੀ ਪਾਣੀ ਵੜ ਆਇਆ ਸੀ। ਬਹੁਤੀ ਬੱਚਤ ਹੀ ਰਹੀ ਸੀ ਓਦੋਂ ਵੀ। ਮੈਂ ਕਿਤੇ ਸੁਣਿਆ ਸੀ ਕਿ ਪਾਣੀ ਤੋਂ ਜਾਨ ਬਚਾਉਣ ਲਈ ਇੱਕ ਬੰਦਾ ਕਿੱਕਰ ‘ਤੇ ਚੜ੍ਹ ਗਿਆ। ਕਿੱਕਰ ‘ਤੇ ਹੀ ਉਸ ਨੂੰ ਸੱਪ ਨੇ ਡੰਗ ਲਿਆ ਅ ਤੇ ਆਖਿਰ ਉਹ ਪਾਣੀ ‘ਚ ਡਿੱਗ ਪਿਆ। ਉਸ ਬੰਦੇ ਦੀ ਪਾਣੀ ਨਾਲ ਡੁੱਬਣ ਕਰਕੇ ਹੀ ਮੌਤ ਹੋਈ ਸੀ। ਖੇਤਾਂ ‘ਚੋਂ ਸੱਪ ਪਾਣੀ ‘ਚ ਤਰ ਕੇ ਅੱਗੇ ਨਿਕਲ ਗਏ ਸਨ। ਸੱਪਾਂ ਦੀਆਂ ਖੁੱਡਾਂ ਵੀ ਪਾਣੀ ਪੀ ਗਿਆ ਸੀ। ਖੇਤਾਂ ‘ਚੋਂ ਚਾਰ ਚੁਫ਼ੇਰੇ ਮੁਸ਼ਕ ਮਾਰਦਾ ਸੀ, ਚੂਹੇ ਅਤੇ ਬਿੱਲੀਆਂ ਮਾਰੇ ਗਏ ਸਨ। ਫ਼ਿਰੋਜ਼ਪੁਰ ਜਿਲੇ ‘ਚ ਕੁੱਝ ਪਿੰਡਾਂ ‘ਚ ਪਾਣੀ ਨਾਲ ਪਸ਼ੂ ਵੀ ਮਰੇ ਸਨ।
ਮੈਨੂੰ ਅਜ ਵੀ ਯਾਦ ਹੈ ਕਿ ਬਹੁਤ ਦਿਨ ਮੀਂਹ ਨਹੀਂ ਸੀ ਹਟਿਆ। ਸਾਡੇ ਘਰ ਦੇ ਸਾਰੇ ਕਮਰੇ ਕੱਚੇ ਸਨ। ਛੱਤਾਂ ਸ਼ਤੀਰਾਂ ਅਤੇ ਕਾਨਿਆਂ ਦੀਆਂ ਸਨ। ਛੱਤਾਂ ਟਿਪ-ਟਿਪ ਚੋਣ ਲੱਗੀਆਂ ਤਾਂ ਘਰ ਦੇ ਜੀਆਂ ਨੇ ਬੱਠਲ ਬਾਲਟੀਆਂ ਚੋਂਦੇ ਪਾਣੀ ਹੇਠਾਂ ਰੱਖੇ। ਫ਼ਿਰ ਵੀ ਪਾਣੀ ਅੱਗੇ ਕੋਈ ਵਾਹ ਨਾ ਚੱਲੀ। ਪਾਣੀ ਨੱਕ ‘ਚ ਦਮ ਕਰਨ ਲੱਗਾ। ਸਾਡੀ ਕੱਚੀ ਕੰਧ ਧੜੇਹ ਕਰ ਕੇ ਡਿੱਗ ਪਈ ਅਤੇ ਘਰ ਦੇ ਸਾਰੇ ਜੀਅ ਡਰ ਗਏ। ਮੇਰੀ ਮਾਸੀ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ, ਅਤੇ ਉਨਾਂ ਦੇ ਕੁੱਝ ਕਮਰੇ ਪੱਕੇ ਸਨ। ਅਸੀਂ ਮੰਜੇ ਬਿਸਤਰੇ ਚੁੱਕੇ ਅਤੇ ਮਾਸੀ ਕੇ ਘਰ ਜਾ ਕੇ ਸ਼ਰਣ ਲੈ ਲਈ। ਕਈ ਦਿਨ ਮੀਂਹ ਫ਼ਿਰ ਵੀ ਨਾ ਹਟਿਆ। ਲੋਕਾ ਨੇ ਸੁੱਖਾਂ ਸੁਖੀਆਂ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕੀਤੀਆਂ। ਕੋਈ ਅਸਰ ਨਾ ਹੋਇਆ। ਸਾਰੇ ਲੋਕ ਅਕਾਸ਼ ਵੱਲ ਮੂੰਹ ਕਰ ਕੇ ਦੇਖਦੇ ਰਹਿੰਦੇ ਕਿ ਕਦੋਂ ਦਰਸ਼ਨ ਦੇਵੇਗਾ ਸੂਰਜ ਦੇਵਤਾ? ਇੱਕ ਦਿਨ ਸਵੇਰੇ ਸੂਰਜ ਦੇਵਤਾ ਦੀ ਕਿਰਨ ਲਿਸ਼ਕੀ ਤਾਂ ਲੋਕ ਰੱਬ ਦਾ ਸ਼ੁਕਰਾਨਾ ਕਰਦੇ ਖ਼ੁਸ਼ ਹੋਣ ਲੱਗੇ। ਹੌਲੀ-ਹੌਲੀ ਪਾਣੀ ਸੁੱਕਣ ਲੱਗਿਆ ਅਤੇ ਲੋਕ ਖੇਤਾਂ ਵਗੈਰਾ ਨੂੰ ਜਾਣ ਲੱਗੇ। ਪਾਣੀ ਦੇ ਪੀਤੇ ਖੇਤਾਂ ਦਾ ਚਿਹਰਾ ਮੋਹਰਾ ਬਿਲਕੁਲ ਬਦਲ ਗਿਆ ਸੀ। ਮੇਰੇ ਤਾਏ ਰਾਮ ਨੇ ਗੱਡੀ ਬੋਤੀ ਜੋੜੀ ਅਤੇ ਅਸੀਂ ਆਪਣੇ ਖੇਤਾਂ ਨੂੰ ਗਏ। ਖੇਤ ਪਛਾਣ ‘ਚ ਨਹੀਂ ਸੀ ਆਉਂਦੇ। ਤਾਇਆ ਬੜਾ ਉਦਾਸ ਹੋਇਆ। ਵੱਟਾਂ, ਬੰਨੇ ਤੇ ਖਾਲੇ ਸਭ ਮਿਟ ਗਏ ਸਨ।
2023 ਦੇ ਹੜ੍ਹ
ਇਸ ਵਾਰੀ ਦੇ ਆਏ ਹੜ੍ਹਾਂ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਦੋਸ਼ ਕਿਸ ਦਾ ਹੈ? ਕੀ ਅਜੋਕੇ ਮਨੁੱਖ ਦਾ ਦੋਸ਼ ਹੈ ਜੋ ਕੁਦਰਤ ਨਾਲ ਖਿਲਵਾੜ ਕਰਨੋਂ ਨਹੀਂ ਹਟ ਰਿਹਾ? ਕੀ ਸਰਕਾਰਾਂ ਦਾ ਦੋਸ਼ ਹੈ ਜੋ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਨਹੀ ਕਰਦੀਆਂ? ਕੀ ਇੰਦਰ ਦੇਵਤੇ ਦਾ ਕਸੂਰ ਹੈ ਕਿ ਉਹ ਹਿਸਾਬ ਸਿਰ ਮੀਂਹ ਨਹੀ ਪਾਉਂਦਾ? ਅਜਿਹੇ ਸਵਾਲ ਲੋਕ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਕਰ ਕਰ ਕੇ ਪੁੱਛ ਰਹੇ ਹਨ।
ਇੱਕ ਖ਼ਬਰ ਨੇ ਮੈਨੂੰ ਬੜਾ ਉਦਾਸ ਕੀਤਾ ਹੈ ਕਿ ਨੇਤਾ ਲੋਕ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਨੇ, ਲੋਕਾਂ ‘ਤੇ ਕੁਦਰਤ ਨੇ ਬਿਪਤਾ ਪਾਈ ਹੈ ਅਤੇ ਇਹ ਸਿਆਸੀ ਰੋਟੀਆਂ ਸੇਕਣ ਲਈ ਇੱਕ ਦੂਸਰੇ ਨਾਲ ਲੜ ਭਿੜ ਰਹੇ ਹਨ। ਕੈਬਨਿਟ ਮੰਤਰੀ ਜੌੜੇਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਦੀ ਆਪਸ ‘ਚ ਹੋਈ ਤੂੰ ਤੂੰ ਮੈ ਮੈਂ ਕਿਓਂ ਹੋਈ? ਕੀ ਇਹੋ ਮੌਕਾ ਲੱਭਿਆ ਸੀ ਇਨਾਂ ਨੂੰ ਲੜਨ ਵਾਸਤੇ? ਸਿਆਸੀ ਧਿਰਾਂ ਨੂਸ਼ ਇਸ ਸੰਕਟਮਈ ਸਮੇਂ ਏਕਾ ਕਰਨ ਦੀ ਲੋੜ ਹੈ ਨਾ ਕਿ ਆਪੋ ‘ਚ ਬਹਿਸਣ ਦੀ ਜਾਂ ਫ਼ੋਕੀ ਵਾਹ ਵਾਹ ਖੱਟਣ ਦੀ। ਆਪਣੀ ਡਾਇਰੀ ਦਾ ਇਹ ਪੰਨਾ ਲਿਖਦਿਆਂ, ਮੈਂ ਬੇਹੱਦ ਉਦਾਸ ਹਾਂ।
ਰੱਬ ਖੈਰ ਕਰੇ!
9417421700