ਕੈਰੀ ਔਨ ਜੱਟਾ ਹੈ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ

ਚੰਡੀਗੜ੍ਹ: ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਅਗਵਾਈ ਵਾਲੀ ਕੌਮੇਡੀ ਐਂਟਰਟੇਨਰ ਹੁਣ ਇਤਿਹਾਸ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਪੰਜਾਬੀ ਫ਼ਿਲਮ ਬਣ ਗਈ ਹੈ। ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ, ਕੈਰੀ ਔਨ ਜੱਟਾ 3 ਦੀ ਕੋਲੈਕਸ਼ਨ ਹੈ ਕਿ ਹੌਲੀ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਅਤੇ ਹੁਣ ਇਹ ਪੰਜਾਬੀ ਫ਼ਿਲਮ ਵਿਸ਼ਵਵਿਆਪੀ ਬੌਕਸ ਆਫ਼ਿਸ ‘ਤੇ ਇੱਕ ਵੱਡੇ ਜੇਤੂ ਵਜੋਂ ਉੱਭਰ ਰਹੀ ਹੈ। ਸੰਸਾਰ ਭਰ ‘ਚ ਇਹ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਪੰਜਾਬੀ ਫ਼ਿਲਮ ਬਣ ਗਈ ਹੈ।
ਸਮੀਪ ਕੰਗ ਦੁਆਰਾ ਨਿਰਦੇਸ਼ਤ ਕੈਰੀ ਔਨ ਜੱਟਾ ਪ੍ਰਸਿੱਧ ਪੰਜਾਬੀ ਕੌਮੇਡੀ ਫ਼ਰੈਂਚਾਇਜ਼ ਦਾ ਇੱਕ ਹੋਰ ਬੇਹੱਦ ਸਫ਼ਲ ਉਪਰਾਲਾ ਹੈ। ਇਸ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਕਵਿਤਾ ਕੌਸ਼ਿਕ ਮੁੱਖ ਭੂਮਿਕਾਵਾਂ ‘ਚ ਹਨ। ਹਾਲਾਂਕਿ ਆਲੋਚਕਾਂ ਦੀਆਂ ਸਮੀਖਿਆਵਾਂ ਮਿਲੀਆਂ-ਜੁਲਦੀਆਂ ਰਹੀਆਂ ਹਨ, ਫ਼ਿਲਮ ਦਾ ਦਰਸ਼ਕ ਜ਼ਬਰਦਸਤ ਔਨੰਦ ਲੈ ਰਹੇ ਹਨ, ਅਤੇ ਮੌਖਿਕ ਰੂਪ ‘ਚ ਉਸ ਦੀ ਮਸ਼ਹੂਰੀ ਵੀ ਕਰ ਰਹੇ ਹਨ।
ਪਿੰਕਵਿਲਾ ਦੀ ਰਿਪੋਰਟ ਦੇ ਅਨੁਸਾਰ, ਕੈਰੀ ਔਨ ਜੱਟਾ 3 ਨੇ 8 ਦਿਨਾਂ ‘ਚ ਵਿਸ਼ਵਵਿਆਪੀ ਬੌਕਸ ਆਫ਼ਿਸ ‘ਤੇ ਕੁੱਲ 85.25 ਕਰੋੜ ਦੀ ਕਮਾਈ ਕੀਤੀ ਹੈ। ਇਸ ‘ਚੋਂ 40 ਕਰੋੜ ਰੁਪਏ ਵਿਦੇਸ਼ੀ ਮੰਡੀ ਤੋਂ ਆ ਰਹੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਅਨ ਮੰਡੀ ‘ਚ ਵੀ ਇਹ ਫ਼ਿਲਮ 1 ਮਿਲੀਅਨ ਡਾਲਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਵੀ ਬਣ ਗਈ ਅਤੇ ਉੱਥੇ ਵੀ ਇਹ ਦੌੜ ‘ਚ ਹਾਲੇ ਤਕ ਡਟੀ ਹੋਈ ਹੈ। ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਇਹ ਫ਼ਿਲਮ ਹੁਣ ਆਪਣੀ ਹੀ ਪੂਰਵਗਾਮੀ ਕੈਰੀ ਔਨ ਜੱਟਾ 2 (61.50 ਕਰੋੜ ਦੀ ਕੁੱਲ ਕਮਾਈ) ਨੂੰ ਪਛਾੜਦੇ ਹੋਏ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਪੰਜਾਬੀ ਫ਼ਿਲਮ ਬਣ ਗਈ ਹੈ।
ਕੈਰੀ ਔਨ ਜੱਟਾ 3 ਦੀ ਲਾਈਫ਼ਟਾਈਮ ਦੌੜ ‘ਚ ਵਿਸ਼ਵਵਿਆਪੀ ਬੌਕਸ ਆਫ਼ਿਸ ‘ਤੇ 100 ਕਰੋੜ ਕਲੱਬ ‘ਚ ਦਾਖਲ ਹੋਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਹਿਤਾਸ ‘ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਪੰਜਾਬੀ ਫ਼ਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕੀਤਾ ਹੋਵੇ ਜਾਂ ਉਸ ਦੇ ਲਾਗੇ ਵੀ ਪਹੁੰਚੀ ਹੋਵੇ। ਜਿਹੜੇ ਲੋਕ ਨਹੀਂ ਜਾਣਦੇ, ਫ਼ਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਦਾ ਲੈਜੈਂਡ ਔਫ਼ ਮੌਲਾ ਜੱਟ (ਪਾਕਿਸਤਾਨੀ ਫ਼ਿਲਮ) ਇਸ ਸਮੇਂ ਵਿਸ਼ਵ ਪੱਧਰ ‘ਤੇ $11 ਮਿਲੀਅਨ ਤੋਂ ਵੱਧ ਦੀ ਕੋਲੈਕਸ਼ਨ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਹੈ।
ਦੇਖਦੇ ਹਾਂ ਕਿ ਕਦੋਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਅਗਵਾਈ ਵਾਲੀ ਇਹ ਹਾਲੀਆ ਕੌਮੇਡੀ ਐਂਟਰਟੇਨਰ ਇਹ ਉਪਲਬਧੀ ਹਾਸਿਲ ਕਰਦੀ ਹੈ।