ਬੌਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ‘ਚ ਸਫ਼ਲ ਰਹੀ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੇ ਤਿੰਨੇ ਖ਼ਾਨਾਂ ਭਾਵ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਹੈ। ਸ਼ਾਹੁਰਖ਼ ਨਾਲ ਉਸ ਨੇ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਅਤੇ ‘ਜਬ ਤਕ ਹੈ ਜਾਨ’ ਵਿੱਚ ਕੰਮ ਕੀਤਾ ਅਤੇ ਆਮਿਰ ਨਾਲ ਉਹ ਫ਼ਿਲਮ ‘ਪੀਕੇ’ ਵਿੱਚ ਨਜ਼ਰ ਆਈ। ਬੀਤੇ ਦਿਨੀਂ ਆਈ ਸਲਮਾਨ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਸੁਲਤਾਨ ਵਿੱਚ ਉਹ ਪਹਿਲਵਾਨੀ ਕਰਦੀ ਨਜ਼ਰ ਆਈ। ਆਉਣ ਵਾਲੇ ਸਮੇਂ ਵਿੱਚ ਵੀ ਉਸ ਕੋਲ ਕਾਫ਼ੀ ਚੰਗੀਆਂ ਫ਼ਿਲਮਾਂ ਹਨ। ਇਸੇ ਸਬੰਧ ‘ਚ ਪੇਸ਼ ਹਨ ਅਨੁਸ਼ਕਾ ਸ਼ਰਮਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:-
ਸ਼ਾਹਰੁਖ਼ ਅਤੇ ਆਮਿਰ ਤੋਂ ਬਾਅਦ ਸਲਮਾਨ ਖ਼ਾਨ ਨਾਲ ‘ਸੁਲਤਾਨ’ ਵਿੱਚ ਕੰਮ ਕਰਕੇ ਕਿਵੇਂ ਲੱਗਿਆ?
– ਬਹੁਤ ਵਧੀਆ। ਹੁਣ ਤਕ ਬਹੁਤ ਘੱਟ ਨਾਇੱਕਾਵਾਂ ਨੂੰ ਤਿੰਨੇ ਖ਼ਾਨਾਂ ਨਾਲ ਮੁੱਖ ਕਿਰਦਾਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਂ ਅਜਿਹੀਆਂ ਕੁਝ ਨਾਇੱਕਾਵਾਂ ‘ਚੋਂ ਇੱਕ ਹਾਂ। ਸਲਮਾਨ ਵੱਡੇ ਸਟਾਰ ਹਨ। ਉਨ੍ਹਾਂ ਨਾਲ ਕੰਮ ਕਰਨਾ ਕਾਫ਼ੀ ਯਾਦਗਾਰ ਰਿਹਾ। ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਣ ਨੂੰ ਵੀ ਮਿਲਿਆ। ਜਿਹੋ ਜਿਹੇ ਉਹ ਅਸਲ ਜ਼ਿੰਦਗੀ ‘ਚ ਹਨ, ਉਂਜ ਹੀ ਹੋਰਾਂ ਨਾਲ ਵਿਹਾਰ ਵੀ ਕਰਦੇ ਹਨ। ਉਨ੍ਹਾਂ ‘ਚ ਬਨਾਉਟੀਪਣ ਬਿਲਕੁਲ ਨਹੀਂ ਹੈ। ਉਹ ਮੂੰਹ ‘ਤੇ ਵੀ ਓਹੀ ਬੋਲਦੇ ਹਨ ਜੋ ਤੁਹਾਡੀ ਪਿੱਠ ਪਿੱਛੇ ਬੋਲਦੇ ਹਨ। ਅਜਿਹਾ ਬਿਲਕੁਲ ਨਹੀਂ ਹੈ ਜੋ ਕਿ ਉਹ ਤੁਹਾਡੇ ਨਾਲ ਹੋਰ ਢੰਗ ਨਾਲ ਗੱਲ ਕਰਨ ਤੇ ਕਿਸੇ ਹੋਰ ਨਾਲ ਤੁਹਾਡੇ ਬਾਰੇ ਹੋਰ ਢੰਗ ਨਾਲ। ਅਜਿਹਾ ਗੁਣ ਕਿਸੇ ਵਿਰਲੇ ਵਿੱਚ ਹੀ ਹੁੰਦਾ ਹੈ।
ਕੀ ਹੁਣ ਸਿਰਫ਼ ‘ਖ਼ਾਨਾਂ’ ਨਾਲ ਹੀ ਕੰਮ ਕਰੋਗੇ?
– ਨਹੀਂ, ਮੈਂ ਸਿਰਫ਼ ‘ਖ਼ਾਨਾਂ’ ਦੀ ਨਾਇੱਕਾ ਬਣ ਕੇ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਕਰੀਅਰ ਦੇ ਇਸ ਪੜਾਅ ‘ਤੇ ਮੇਰੀਆਂ ਪਹਿਲਕਦਮੀਆਂ ਬਿਲਕੁਲ ਬਦਲ ਚੁੱਕੀਆਂ ਹਨ। ਹੁਣ ਮੈਂ ਕਿਸੇ ਖ਼ਾਸ ਅਦਾਕਾਰ ਦੀ ਮੁਰੀਦ ਬਣ ਕੇ ਨਹੀਂ ਰਹਿਣਾ ਚਾਹੁੰਦੀ ਭਾਵ ਮੇਰੇ ਲਈ ਅਦਾਕਾਰ ਦਾ ਕੱਦ ਤੇ ਰੁਤਬਾ ਮਾਅਨੇ ਨਹੀਂ ਰੱਖਦਾ ਹੈ। ਹੁਣ ਮੈਂ ਬਿਹਤਰੀਨ ਸਕ੍ਰਿਪਟ ਤੇ ਦਮਦਾਰ ਕਿਰਦਾਰ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹਾਂ। ਇਹੀ ਮੇਰਾ ਇੱਕੋ-ਇੱਕ ਨਿਸ਼ਾਨਾ ਹੈ।
ਖ਼ਾਨਾਂ ਤੋਂ ਇਲਾਵਾ ਹੋਰ ਕਿਸ ਅਦਾਕਾਰ ਨਾਲ ਕੰਮ ਕਰਨਾ ਚਾਹੋਗੇ?
– ਜੇ ਚੰਗੀ ਸਕ੍ਰਿਪਟ ਮਿਲੇ ਤਾਂ ਮੈਂ ਰਿਤਿਕ ਰੌਸ਼ਨ ਦੇ ਨਾਲ ਕੰਮ ਕਰਨਾ ਚਾਹਾਂਗੀ। ਇਸ ਦਾ ਕਾਰਨ ਹੈ ਕਿ ਉਹ ਲੀਕ ਤੋਂ ਹਟ ਕੇ ਫ਼ਿਲਮਾਂ ਕਰਨ ਲਈ ਜਾਣੇ ਜਾਂਦੇ ਹਨ।
ਅੱਜ ਕੱਲ੍ਹ ਨਾਇਕਾਵਾਂ ਆਪਣੇ ਕਿਰਦਾਰ ਨੂੰ ਪਰਦੇ ‘ਤੇ ਸਾਕਾਰ ਕਰਨ ਲਈ ਕਾਫ਼ੀ ਕੁਝ ਕਰਦੀਆਂ ਹਨ। ਤੁਸੀਂ ਸੁਲਤਾਨ ਲਈ ਕੀ ਖ਼ਾਸ ਕੀਤਾ?
– ਸੁਲਤਾਨ ਲਈ ਮੈਨੂੰ ਵੀ ਸਖ਼ਤ ਮਿਹਨਤ ਕਰਨੀ ਪਈ ਤਾਂ ਜਾ ਕੇ ਕਿਤੇ ਮੈਂ ਆਪਣੇ ਕਿਰਦਾਰ ਨਾਲ ਨਿਆਂ ਕਰ ਸਕੀ। ਇਸ ਲਈ ਮੈਂ ਸਰੀਰਕ ਮਿਹਨਤ ਵੀ ਬਹੁਤ ਕੀਤੀ। ਮੈਨੂੰ ਕਈ ਤਰ੍ਹਾਂ ਦੇ ਪ੍ਰੋਟੀਨ ਲੈਣੇ ਪਏ ਤਾਂ ਕਿ ਇੱਕ ਪਹਿਲਵਾਨ ਵਜੋਂ ਖ਼ੁਦ ਨੂੰ ਸਾਬਤ ਕਰ ਸਕਾਂ। ਦਿੱਲੀ ਦੇ ਰਹਿਣ ਵਾਲੇ ਜਗਦੀਸ਼ ਕਾਲੀ ਨੇ ਮੈਨੂੰ ਪਹਿਲਵਾਨੀ ਦੀ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਮੈਂ ਪੂਰੀ ਟਰੇਨਿੰਗ ਇੱਕ ਮੁੰਡੇ ਨਾਲ ਕੀਤੀ।
ਅੱਜ ਕੱਲ੍ਹ ਤੁਹਾਡਾ ਧਿਆਨ ਵੱਖ-ਵੱਖ ਕਿਰਦਾਰਾਂ ‘ਤੇ ਰਹਿੰਦਾ ਹੈ। ਕੋਈ ਖ਼ਾਸ ਵਜ੍ਹਾ?
– ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇੱਕ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਆਖਿਰ ਇੱਕੋ ਜਿਹੇ ਕਿਰਦਾਰਾਂ ‘ਚ ਤੁਸੀਂ ਕਦੋਂ ਤਕ ਕੁਝ ਖ਼ਾਸ ਪੇਸ਼ ਕਰ ਸਕੋਗੇ? ਇਸ ਲਈ ਮੇਰੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਹਰ ਵਾਰ ਪਰਦੇ ‘ਤੇ ਕੁਝ ਵੱਖਰਾ ਕਰਾਂ ਤਾਂ ਕਿ ਲੋਕਾਂ ਨੂੰ ਮੇਰੇ ਹੁਨਰ ਦਾ ਪਤਾ ਲੱਗੇ ਤੇ ਮੈਨੂੰ ਵੀ ਕੰਮ ਪੱਖੋਂ ਸੰਤੁਸ਼ਟੀ ਮਿਲੇ।











