9 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ICU ‘ਚ ਦਾਖ਼ਲ ਹੈ ਮਾਸੂਮ

ਮੁਰੈਨਾ – ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਇਕ ਪਿੰਡ ‘ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ‘ਚ ਪੁਲਸ ਨੇ ਮੰਗਲਵਾਰ ਸਵੇਰੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਸੋਮਵਾਰ ਸ਼ਾਮ ਨੂੰ ਹੋਈ ਘਟਨਾ ਤੋਂ ਬਾਅਦ ਬੱਚੀ ਨਾਗਰਾ ਪੁਲਸ ਥਾਣੇ ਦੀ ਸਰਹੱਦ ਦੇ ਅਧੀਨ ਪਿੰਡ ਦੇ ਬਾਹਰ ਇਕ ਖੇਤ ‘ਚ ਬੇਹੋਸ਼ ਮਿਲੀ, ਜਿੱਥੇ ਉਹ ਆਪਣੇ ਪਰਿਵਾਰ ਦੀਆਂ ਬੱਕਰੀਆਂ ਚਰਾਉਣ ਗਈ ਸੀ। ਮੁਰੈਨਾ ਪੁਲਸ ਵਲੋਂ ਜਾਰੀ ਬਿਆਨ ‘ਚ ਪੀੜਤਾਂ ਦੀਆਂ ਸੱਟਾਂ ਬਾਰੇ ਵਿਸਥਾਰ ਨਾਲ ਦੱਸੇ ਬਿਨਾਂ ਕਿਹਾ ਗਿਆ ਕਿ ਉਸ ਨੂੰ ਜ਼ਿਲ੍ਹਾ ਹਸਪਤਾਲ ਦੇ ਆਈ.ਸੀ.ਯੂ. ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।
ਪੁਲਸ ਨੂੰ ਘਟਨਾ ਦੀ ਸੂਚਨਾ ਸੋਮਵਾਰ ਸ਼ਾਮ ਕਰੀਬ 6 ਵਜੇ ਦਿੱਤੀ ਗਈ, ਜਿਸ ਤੋਂ ਬਾਅਦ ਭਾਰਤੀ ਨਿਆਂ ਸੰਹਿਤਾ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਐੱਫ.ਆਈ.ਆਰ. ਤੋਂ ਬਾਅਦ ਪੁਲਸ ਨੇ 5 ਟੀਮਾਂ ਗਠਿਤ ਕੀਤੀਆਂ ਅਤੇ ਮੰਗਲਵਾਰ ਸਵੇਰੇ 5 ਵਜੇ 28 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਖੇਤ ‘ਚ ਬੇਹੋਸ਼ ਮਿਲੀ ਪੀੜਤਾ ਦੇ ਪਰਿਵਾਰ ਵਾਲੇ ਉਸ ਨੂੰ ਪੋਰਸਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਪੀੜਤਾ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਆਈ.ਸੀ.ਯੂ. ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸਨ ਉਸ ਦੇ ਪਰਿਵਾਰ ਵਾਲਿਆਂ ਦੇ ਲਗਾਤਾਰ ਸੰਪਰਕ ‘ਚ ਹਨ।